ਧਾਰਮਿਕ ਨੇਤਾਵਾਂ ਦੇ ਖਿਲਾਫ਼ ਸਿਆਸੀ ਸਾਜਿਸ਼ ਰਚੀ ਗਈ : ਸ਼ਾਹੀ ਇਮਾਮ ਪੰਜਾਬ ਉਸਮਾਨ ਲੁਧਿਆਣਵੀ
ਲੁਧਿਆਣਾ, : ਭਾਰਤ ਦੇ ਪ੍ਰਸਿੱਧ ਮੁਸਲਮਾਨ ਵਿਦਵਾਨ ਮੌਲਾਨਾ ਕਲੀਮ ਸਿੱਦੀਕੀ ਫੁਲਤ ਦੀ ਯੂਪੀ ਪੁਲਿਸ ਵੱਲੋਂ ਗਿ੍ਰਫਤਾਰੀ ਤੋਂ ਬਾਅਦ ਦੇਸ਼ ਭਰ ’ਚ ਵਿਰੋਧ ਪ੍ਰਦਰਸ਼ਨ ਦਾ ਸਿਲਸਿਲਾ ਜਾਰੀ ਹੈ। ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਅੱਜ ਭਾਰਤ ਦੇ ਅਜਾਦੀ ਘੁਲਾਟੀਆਂ ਦੀ ਮਸ਼ਹੂਰ ਪਾਰਟੀ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਵਰਕਰਾਂ ਵੱਲੋਂ ਮੌਲਾਨਾ ਕਲੀਮ ਸਿੱਦੀਕੀ ਦੇ ਹੱਕ ’ਚ ਮੁਜਾਹਿਰਾ ਕੀਤਾ ਗਿਆ। ਪ੍ਰਦਰਸ਼ਨਕਾਰੀ ਕਲੀਮ ਸਿੱਦੀਕੀ ਨੂੰ ਰਿਹਾ ਕਰੋ, ਝੂਠੇ ਮੁਕੱਦਮੇ ਰੱਦ ਕਰੋ, ਯੂਪੀ ਸਰਕਾਰ ਮੁਰਦਾਬਾਦ, ਯੋਗੀ ਸਰਕਾਰ ਮੁਰਦਾਬਾਦ, ਉਲਮਾ-ਏ-ਇਸਲਾਮ ਜਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਇਸ ਮੌਕੇ ’ਤੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਨੇ ਮੰਗ ਕੀਤੀ ਹੈ ਕਿ ਮੌਲਾਨਾ ਕਲੀਮ ਸਿੱਦੀਕੀ ਸਾਹਿਬ ਨੂੰ ਜਲਦੀ ਬਿਨਾਂ ਕਿਸੇ ਸ਼ਰਤ ਦੇ ਬਾ-ਇੱਜਤ ਰਿਹਾ ਕੀਤਾ ਜਾਵੇ। ਉਨਾਂ ਕਿਹਾ ਕਿ ਉਨਾਂ ’ਤੇ ਲਗਾਏ ਗਏ ਇਲਜ਼ਾਮ ਬੇਬੁਨਿਆਦ ਹਨ। ਜਾਂਚ ਤੋਂ ਪਹਿਲਾਂ ਉਨਾਂ ਦੀ ਗੱਲ ਸੁਣੇ ਬਿਨਾਂ ਹੀ ਮੁਕੱਦਮਾ ਦਰਜ ਕਰ ਲੈਣਾ ਹੈਰਤ ਦੀ ਗੱਲ ਹੈ। ਸ਼ਾਹੀ ਇਮਾਮ ਪੰਜਾਬ ਨੇ ਕਿਹਾ ਕਿ ਇਹ ਇੱਕ ਸਿਆਸੀ ਚਾਲ ਹੈ ਜਿਸ ’ਚ ਹਜਰਤ ਮੌਲਾਨਾ ਕਲੀਮ ਸਿੱਦੀਕੀ ਸਾਹਿਬ ਨੂੰ ਫਸਾਇਆ ਗਿਆ ਹੈ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀਂ ਨੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਾਡੀ ਕੌਮੀ ਲੀਡਰਸ਼ਿਪ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਖਾਮੋਸ਼ ਤਮਾਸ਼ਾਈ ਬਣੀ ਹੋਈ ਹੈ ਸਿਵਾਏ ਵਕੀਲ ਕਰਵਾਉਣ ਦੇ ਉਨਾਂ ਦਾ ਹੁਣ ਕੋਈ ਹੋਰ ਕੰਮ ਨਹੀਂ ਰਿਹਾ। ਉਨਾਂ ਕਿਹਾ ਕਿ ਮੌਲਾਨਾ ਦੀ ਗਿ੍ਰਫਤਾਰੀ ਸਿਆਸੀ ਸਾਜਿਸ਼ ਹੈ। ਸੰਵਿਧਾਨ ਨੇ ਸਾਨੂੰ ਆਪਣੀ ਗੱਲ ਕਹਿਣ ਦਾ ਹੱਕ ਦਿੱਤਾ ਹੈ ਲੇਕਿਨ ਅਫਸੋਸ ਜਿਨਾਂ ਨੂੰ ਸਾਡੀ ਕੌਮ ਨੇ ਆਪਣਾ ਰਹਿਬਰ ਸੱਮਝਿਆ ਉਹੀ ਰਹਿਜਨ ਨਿਕਲੇ। ਸ਼ਾਹੀ ਇਮਾਮ ਨੇ ਇਹ ਸ਼ੇਅਰ ਪੜਿਆ ਕਿ – ਤੰੂ ਇਧਰ-ਉੱਧਰ ਕੀ ਬਾਤ ਨਾ ਕਰ, ਯਹ ਬਤਾ ਕਿ ਕਾਫਿਲਾ ਕਿਉਂ ਲੂਟਾ, ਮੁਝੇ ਰਹਿਜਨੋਂ ਸੇ ਗਿੱਲਾ ਨਹੀ ਤੇਰੀ ਰਹਿਬਰੀ ਕਾ ਸਵਾਲ ਹੈ। ਇਸ ਮੌਕੇ ’ਤੇ ਬਾਬੁਲ ਖਾਨ, ਮੁਹੰਮਦ ਮੁਸਤਕੀਮ, ਅਰਮਾਨ ਖਾਨ, ਸ਼ਹਿਜੇਬ ਖਾਨ, ਨਵਾਬ ਅਲੀ, ਗੁਲਾਮ ਹਸਨ ਕੈਸਰ ਆਦਿ ਮੌਜੂਦ ਸਨ।