ਹੈਰਤ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਖਾਮੋਸ਼ ਤਮਾਸ਼ਾਈ ਬਣੀ ਹੋਈ ਹੈ : ਸ਼ਾਹੀ ਇਮਾਮ ਪੰਜਾਬ
ਲੁਧਿਆਣਾ, : ਬੀਤੇ ਇੱਕ ਹਫ਼ਤੇ ਤੋਂ ਤਿ੍ਰਪੁਰਾ ’ਚ ਮਸਜਿਦਾਂ ’ਤੇ ਹੋ ਰਹੇ ਹਮਲੀਆਂ ਦੀ ਕੜੇ ਸ਼ਬਦਾਂ ’ਚ ਨਿੰਦਿਆ ਕਰਦੇ ਹੋਏ ਅੱਜ ਇੱਥੇ ਇਤਿਹਾਸਿਕ ਜਾਮਾ ਮਸਜਿਦ ਲੁਧਿਆਣਾ ਦੇ ਬਾਹਰ ਵੱਡੀ ਗਿਣਤੀ ’ਚ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਵਰਕਰਾਂ ਨੇ ਤਿ੍ਰਪੁਰਾ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ’ਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਦੇਸ਼ ’ਚ ਫਿਰਕਾਪ੍ਰਸਤਾਂ ਵੱਲੋਂ ਕੀਤੀਆਂ ਜਾ ਰਹੀਆਂ ਸਿਆਸਤਾਂ ਹੁਣ ਸੱਭ ਤੋਂ ਹੇਠਲੇ ਪਾਏਦਾਨ ’ਤੇ ਚਲੀ ਗਈ ਹੈ। ਸ਼ਾਹੀ ਇਮਾਮ ਪੰਜਾਬ ਨੇ ਕਿਹਾ ਕਿ ਭਾਰਤੀ ਮੁਸਲਮਾਨਾਂ ਨੇ ਹਮੇਸ਼ਾ ਹੀ ਸੱਚ ਅਤੇ ਹੱਕ ਦੀ ਗੱਲ ਕੀਤੀ ਹੈ ਪਿਛਲੇ ਦਿਨੀ ਜਦੋਂ ਕਸ਼ਮੀਰ, ਪਾਕਿਸਤਾਨ, ਬਾਂਗਲਾਦੇਸ਼ ’ਚ ਹਿੰਦੂ-ਸਿੱਖ ਭਰਾਵਾਂ ਦੇ ਨਾਲ ਜੁਲਮ ਹੋਇਆ ਤਾਂ ਮੁਸਲਮਾਨਾਂ ਨੇ ਵੀ ਪਾਕਿਸਤਾਨ ਦੀ ਨਿੰਦਿਆ ਕੀਤੀ, ਲੇਕਿਨ ਤਿ੍ਰਪੁਰਾ ’ਚ ਬਾਂਗਲਾਦੇਸ਼ ’ਚ ਹੋਈ ਹਿੰਸਾ ਨੂੰ ਬਹਾਨਾ ਬਣਾ ਕੇ ਮਸਜਿਦਾਂ ’ਤੇ ਕੀਤੇ ਜਾ ਰਹੇ ਹਮਲੇ ਅਫਸੋਸਨਾਕ ਅਤੇ ਦੇਸ਼ ਲਈ ਸ਼ਰਮ ਦੀ ਗੱਲ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਦੇਸ਼ ਦਾ ਨੈਸ਼ਨਲ ਮੀਡੀਆ ਇਸ ਮਾਮਲੇ ’ਚ ਇਸ ਤਰਾਂ ਖਾਮੋਸ਼ ਹੈ ਕਿ ਮੰਨ ਲਉ ਕੁੱਝ ਹੋਇਆ ਹੀ ਨਹੀਂ ਹੈ। ਉਨਾਂ ਕਿਹਾ ਕਿ ਅੱਜ ਜੋ ਲੋਕ ਧਰਮ ਦੇ ਨਾਮ ’ਤੇ ਹਿੰਸਾ ਦਾ ਖਾਮੋਸ਼ੀ ਨਾਲ ਸਮਰਥਨ ਕਰ ਰਹੇ ਹਨ ਉਹ ਯਾਦ ਰੱਖਣ ਕਿ ਸ਼ਰਾਰਤੀ ਅਨਸਰ ਅਤੇ ਅੱਤਵਾਦੀ ਕਿਸੇ ਦੇ ਮਿੱਤਰ ਨਹੀਂ ਹੁੰਦੇ ਉਹ ਸਮੇਂ ਦੇ ਨਾਲ ਆਪਣੇ ਸਵਾਰਥਾਂ ਲਈ ਕਿਸੇ ਨੂੰ ਵੀ ਨਿਸ਼ਾਨਾ ਬਣਾਉਂਦੇ ਹਨ। ਸ਼ਾਹੀ ਇਮਾਮ ਪੰਜਾਬ ਨੇ ਕਿਹਾ ਕਿ ਤਿ੍ਰਪੁਰਾ ਸਰਕਾਰ ਖਾਮੋਸ਼ੀ ਨਾਲ ਚੁੱਪਚਾਪ ਤਮਾਸ਼ਾ ਵੇਖ ਰਹੀ ਹੈ ਇਹ ਉਨਾਂ ਦੇ ਲਈ ਸ਼ਰਮ ਨਾਲ ਡੁੱਬ ਕੇ ਮਰਨ ਵਾਲੀ ਗੱਲ ਹੈ ਕਿ ਸਰਕਾਰ ਦੰਗਾਈਆਂ ’ਤੇ ਕਾਬੂ ਨਹੀਂ ਕਰ ਪਾ ਰਹੀ । ਉਨਾਂ ਕਿਹਾ ਕਿ ਹੁਣ ਤਾਂ ਸਰਕਾਰਾਂ ਨੂੰ ਮੰਗ ਪੱਤਰ ਦਿੰਦੇ ਹੋਏ ਵੀ ਸ਼ਰਮ ਆਉਂਦੀ ਹੈ ਕਿ ਇਹ ਸੱਤਾ ’ਚ ਬੈਠੇ ਲੋਕ ਫਿਰਕਾਪ੍ਰਸਤੀ ਦਾ ਚਸ਼ਮਾ ਪਾ ਚੁੱਕੇ ਹਨ, ਲੇਕਿਨ ਯਾਦ ਰਹੇ ਕਿ ਸੱਤਾ ਆਉਣੀ ਜਾਣੀ ਹੈ ਸਰਕਾਰ ਚਾਹੇ ਜੁਲਮ ’ਤੇ ਖਾਮੋਸ਼ ਹੋ ਜਾਵੇ ਲੇਕਿਨ ਅਸੀ ਦੇਸ਼ ਭਰ ’ਚ ਪੂਰੀ ਤਾਕਤ ਦੇ ਨਾਲ ਸੱਚ ਦੀ ਅਵਾਜ ਚੁੱਕਦੇ ਰਹਾਂਗੇ ਅਤੇ ਅਵਾਜ ਏ ਹੱਕ ਦੇ ਸਾਹਮਣੇ ਹਮੇਸ਼ਾ ਜਾਲਿਮ ਨੂੰ ਝੁੱਕਣਾ ਹੀ ਪੈਂਦਾ ਹੈ। ਸ਼ਾਹੀ ਇਮਾਮ ਪੰਜਾਬ ਨੇ ਕਿਹਾ ਕਿ ਅਸੀਂ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਜੀ ਤੋਂ ਮੰਗ ਕਰਦੇ ਹਾਂ ਕਿ ਤਿ੍ਰਪੁਰਾ ’ਚ ਹੋ ਰਹੇ ਦੰਗੀਆਂ ਨੂੰ ਫੌਜ ਵੱਲੋਂ ਬੰਦ ਕਰਵਾ ਕੇ ਸ਼ਾਂਤੀ ਸਥਾਪਤ ਕੀਤੀ ਜਾਵੇ ਅਤੇ ਨਾਕਾਮ ਹੋ ਗਈ ਰਾਜ ਸਰਕਾਰ ਨੂੰ ਬਰਖਾਸਤ ਕਰ ਦਿੱਤਾ ਜਾਵੇ। ਇਸ ਮੌਕੇ ’ਤੇ ਪ੍ਰਦਰਸ਼ਨਕਾਰੀ ਤਿ੍ਰਪੁਰਾ ਸਰਕਾਰ ਮੁਰਦਾਬਾਦ, ਫਿਰਕਾਪਰਸਤ ਮੁਰਦਾਬਾਦ, ਗੁੰਡਾਗਰਦੀ ਬੰਦ ਕਰੋ ਵਰਗੇ ਨਾਹਰੇ ਲਾ ਰਹੇ ਸਨ।