अन्य

ਉਸਮਾਨ ਲੁਧਿਆਣਵੀ ਮਜਲਿਸ ਅਹਿਰਾਰ ਦੇ ਕੌਮੀ ਪ੍ਰਧਾਨ ਬਣੇ

1929 ’ਚ ਸਥਾਪਤ ਹੋਈ ਪਾਰਟੀ ਨੇ ਭਾਰਤ ਦੀ ਜੰਗ-ਏ-ਆਜ਼ਾਦੀ ’ਚ ਮੁੱਖ ਭੂਮਿਕਾ ਨਿਭਾਈ ਹੈ
ਲੁਧਿਆਣਾ, 28 ਦਸੰਬਰ ( ) : ਭਾਰਤ ਦੀ ਅਜਾਦੀ ਲੜਾਈ ’ਚ ਮੁੱਖ ਭੂਮਿਕਾ ਨਿਭਾਉਣ ਵਾਲੀ ਭਾਰਤੀ ਮੁਸਲਮਾਨਾਂ ਦੀ ਜਮਾਤ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਮੁੱਖ ਦਫ਼ਤਰ ’ਚ ਅੱਜ ਕਾਰਜਕਾਰਨੀ ਸਮਿਤੀ ਦੀ ਹਾਜਰੀ ’ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੂੰ ਇੱਕ ਮੱਤ ਨਾਲ ਕਾਰਜਕਾਰੀ ਪ੍ਰਧਾਨ ਗੁਲਾਮ ਹਸਨ ਕੈਸਰ ਦੀ ਜਗਾ ਮਜਲਿਸ ਅਹਿਰਾਰ ਦਾ ਕੌਮੀ ਪ੍ਰਧਾਨ ਚੁਣ ਲਿਆ ਗਿਆ ਹੈ। ਵਰਣਨਯੋਗ ਹੈ ਕਿ ਬੀਤੀ 10 ਸਤੰਬਰ ਨੂੰ ਮਜਲਿਸ ਅਹਿਰਾਰ ਦੇ ਕੌਮੀ ਪ੍ਰਧਾਨ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਸਾਬਕਾ ਸ਼ਾਹੀ ਇਮਾਮ ਪੰਜਾਬ ਦਾ ਨਿਧਨ ਹੋ ਗਿਆ ਸੀ, ਵਰਣਨਯੋਗ ਹੈ ਕਿ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਅਹਿਰਾਰ ਦੇ 6ਵੇਂ ਕੌਮੀ ਪ੍ਰਧਾਨ ਬਣੇ ਹਨ ਇਸ ਤੋਂ ਪਹਿਲਾਂ 1929 ’ਚ ਸੁਤੰਤਰਤਾ ਸੰਗ੍ਰਾਮ ’ਚ ਅੰਗ੍ਰੇਜਾਂ ਦੇ ਟੋਡੀਆਂ ਨੂੰ ਬੇਨਕਾਬ ਕਰਣ ਲਈ ਬਣਾਈ ਗਈ ਜਮਾਤ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਲੜੀਵਾਰ ਮਹਾਨ ਅਜਾਦੀ ਘੁਲਾਟੀ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ (ਪਹਿਲਾਂ), ਮੌਲਾਨਾ ਅਤਾਉੱਲਾਹ ਸ਼ਾਹ ਬੁਖਾਰੀ, ਚੌਧਰੀ ਅਫਜਲ ਹੱਕ, ਸ਼ੇਖ ਹੱਸਾਮੁਦੀਨ, ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਕੌਮੀ ਪ੍ਰਧਾਨ ਰਹੇ ਹਨ। ਮਜਲਿਸ ਅਹਿਰਾਰ ਇਸਲਾਮ ਨੇ ਭਾਰਤ ਦੀ ਜੰਗ-ਏ-ਆਜ਼ਾਦੀ ’ਚ ਵੱਡਾ ਯੋਗਦਾਨ ਪਾਇਆ ਹੈ। ਅਹਿਰਾਰ ਦੇ ਪੰਜਾਹ ਹਜਾਰ ਤੋਂ ਜਿਆਦਾ ਵਰਕਰਾਂ ਨੇ ਅੰਗਰੇਜਾਂ ਦੇ ਖਿਲਾਫ ਸੰਘਰਸ਼ ਕਰਦੇ ਹੋਏ ਜੇਲਾਂ ਕੱਟੀਆਂ ਹਨ ਅਤੇ ਅਹਿਰਾਰ ਦੇ ਪਹਿਲੇ ਪ੍ਰਧਾਨ ਅਤੇ ਸੰਸਥਾਪਕ ਰਈਸ ਉਲ ਅਹਿਰਾਰ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਅੰਗਰੇਜ਼ੀ ਹਕੂਮਤ ਦੇ ਨਾਲ ਸੰਘਰਸ਼ ’ਚ 14 ਸਾਲ ਅੱਠ ਮਹੀਨੇ ਜੇਲ ਕੱਟੀ ਹੈ ਜੋ ਕਿ ਅਜਾਦੀ ਲੜਾਈ ’ਚ ਕਿਸੇ ਵੀ ਅਜਾਦੀ ਘੁਲਾਟੀ ਵੱਲੋਂ ਕੱਟੀ ਗਈ ਕੈਦ ਤੋਂ ਜਿਆਦਾ ਹੈ, ਅਹਿਰਾਰ ਵਰਕਰ ਅਤੇ ਲੀਡਰਾਂ ਨੇ ਅੰਗਰੇਜਾਂ ਦੇ ਸਮੇਂ ਦੁਸ਼ਮਨ ਦੇ ਨਾਲ-ਨਾਲ ਉਨਾਂ ਗੱਦਾਰਾਂ ਦੇ ਖਿਲਾਫ ਵੀ ਅੰਦੋਲਨ ਚਲਾਇਆ ਜੋ ਕਿ ਧਰਮ ਦਾ ਚੋਲਾ ਪਾ ਕੇ ਅੰਗਰੇਜਾਂ ਦੀ ਮਦਦ ਕਰ ਰਹੇ ਸਨ। ਅਹਿਰਾਰ ਪਾਰਟੀ ਨੂੰ ਭਾਰਤ ਦੀ ਜੰਗ-ਏ-ਆਜ਼ਾਦੀ ਦੇ ਇਤਹਾਸ ’ਚ ਵੀ ਸੁਨਹਿਰੀ ਅੱਖਰਾਂ ’ਚ ਲਿਖਿਆ ਗਿਆ ਹੈ ਕਿਉਂਕਿ ਅਹਿਰਾਰ ਦੇ ਲੋਕਾਂ ਨੇ ਧਾਰਮਿਕ ਕੱਟੜਵਾਦ ਦਾ ਵਿਰੋਧ ਕੀਤਾ ਅਤੇ ਦੇਸ਼ ਭਗਤ ਮੁਸਲਮਾਨ ਕਹਾਏ। ਜੰਗ-ਏ-ਆਜ਼ਾਦੀ ’ਚ ਮਜਲਿਸ ਅਹਿਰਾਰ ਇਸਲਾਮ ਹਿੰਦ ਨੇ ਕਈ ਦੇਸ਼ ਵਿਆਪੀ ਅੰਦੋਲਨ ਕੀਤੇ ਜਿਨਾਂ ’ਚ ਸਿਵਲ ਨਾਫਰਮਾਨੀ ਅੰਦੋਲਨ, ਜੇਲ ਭਰੋ ਅੰਦੋਲਨ, ਤਹਿਰੀਕ-ਏ-ਮੱਦੇ ਸਹਾਬਾ ਲਖਨਊ, ਕਸ਼ਮੀਰ ਅੰਦੋਲਨ, ਹਿੰਦੂ ਪਾਣੀ – ਮੁਸਲਮਾਨ ਪਾਣੀ ਦੇ ਵਿਰੋਧ ’ਚ ਅੰਦੋਲਨ, ਅੰਗ੍ਰੇਜ ਫੌਜੀ ਭਰਤੀ ਬਾਇਕਾਟ ਅੰਦੋਲਨ ਵਰਣਨਯੋਗ ਹਨ। ਅੱਜ ਇੱਥੇ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਮੁੱਖ ਦਫਤਰ ’ਚ ਆਪਣਾ ਔਹਦਾ ਸੰਭਾਲਦੇ ਹੋਏ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਮੇਰੇ ਲਈ ਇਹ ਸ਼ੁਕਰ ਗੁਜਾਰੀ ਦਾ ਮੌਕਾ ਹੈ ਕਿ ਮੈਨੂੰ ਇਸ ਮਹਾਨ ਜਮਾਤ ਦੀ ਸੇਵਾ ਦਾ ਜਿੰਮਾ ਸੌਂਪਿਆ ਗਿਆ ਹੈ, ਮੈਂ ਅੱਲਾ ਤਾਆਲਾ ਦੀ ਜਾਤ ਨੂੰ ਹਾਜਰ ਨਾਜਿਰ ਜਾਣ ਕੇ ਇਹ ਅਹਿਦ ਕਰਦਾ ਹਾਂ ਕਿ ਆਪਣੇ ਪੂਰਵਜਾਂ ਵੱਲੋਂ ਸਥਾਪਿਤ ਇਸ ਜਮਾਤ ਨੰੂ ਉਸੀ ਜਜਬੇ ਅਤੇ ਹਿੰਮਤ ਦੇ ਨਾਲ ਲੈ ਕੇ ਅੱਗੇ ਜਾਵਾਗਾਂ। ਉਸਮਾਨ ਲੁਧਿਆਣਵੀ ਨੇ ਕਿਹਾ ਕਿ ਅਹਿਰਾਰ ਹਮੇਸ਼ਾ ਹੱਕ ਅਤੇ ਸੱਚ ਡੰਕੇ ਦੀ ਚੋਟ ’ਤੇ ਬੋਲਦੇ ਹਨ ਤੇ ਮੈਂ ਇਸ ਰਿਵਾਇਤ ਨੂੰ ਜਾਰੀ ਰੱਖਾਂਗਾ, ਤਾਕਤਵਰ ਲੋਕਾਂ ਅਤੇ ਸਰਕਾਰਾਂ ਨੂੰ ਸਮੇਂ- ਸਮੇਂ ’ਤੇ ਟੋਕਣਾ ਅਤੇ ਗਰੀਬ ਦੀ ਆਵਾਜ ਚੁੱਕਣਾ ਹੀ ਸਾਡਾ ਮਕਸਦ ਹੈ। ਉਸਮਾਨ ਲੁਧਿਆਣਵੀ ਨੇ ਕਿਹਾ ਕਿ ਇਸ ਜਮਾਤ ਦੀ ਸਥਾਪਨਾ ਦੇ ਸਮੇਂ ਕਾਦੀਯਾਨੀ ਫਿਤਨੇ ਨੂੰ ਬੇਨਕਾਬ ਕਰਣ ਲਈ ਜੋ ਅੰਦੋਲਨ ਤਹਫ਼ੁੱਜ ਖਤਮੇ ਨਬੂੱਵਤ ਸਲੱਲਾਹੂ ਅਲੈਹਿ ਵਸੱਲਮ ਦੇ ਨਾਮ ਤੋਂ ਸ਼ੁਰੂ ਕੀਤਾ ਗਿਆ ਸੀ ਉਹ ਇੰਸ਼ਾਅੱਲਾ ਜਾਰੀ ਰਹੇਗਾ। ਉਸਮਾਨ ਲੁਧਿਆਣਵੀ ਨੇ ਕਿਹਾ ਕਿ ਅਸੀ ਦੇਸ਼ ਦੇ ਗੱਦਾਰਾਂ ਦੇ ਨਾਲ-ਨਾਲ ਫਿਰਕਾਪ੍ਰਸਤ ਤਾਕਤਾਂ ਦੇ ਖਿਲਾਫ ਆਪਣਾ ਅੰਦੋਲਨ ਜਾਰੀ ਰੱਖਾਂਗੇ।