अन्य

ਰਮਜਾਨ ਦੇ ਪਵਿੱਤਰ ਮਹੀਨੇ ’ਚ ਰੋਜੇਦਾਰ ਬੰਦੀਆਂ ਨੂੰ ਮਿਲਣਗੀਆਂ ਵਿਸ਼ੇਸ਼ ਸਹੂਲਤਾਂ

  • ਸ਼ਾਹੀ ਇਮਾਮ ਨੰੂ ਜੇਲ ਮੰਤਰੀ ਹਰਜੋਤ ਸਿੰਘ ਬੈਂਸ ਦਾ ਅਸ਼ਵਾਸਨ
    ਲੁਧਿਆਣਾ, : ਅੱਜ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਪੰਜਾਬ ਦੇ ਜੇਲ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਨਾਲ ਪੰਜਾਬ ਭਵਨ ਚੰਡੀਗੜ ਵਿਖੇ ਮੁਲਾਕਾਤ ਕੀਤੀ ਅਤੇ ਉਨਾਂ ਨੂੰ ਇਕ ਮੰਗ ਪੱਤਰ ਦਿੱਤਾ। ਸ਼ਾਹੀ ਇਮਾਮ ਨੇ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਜੇਲ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਗਈ ਹੈ ਕਿ ਪੰਜਾਬ ਭਰ ਦੀਆਂ ਜੇਲਾਂ ’ਚ ਰੋਜਾ ਰੱਖਣ ਵਾਲੇ ਬੰਦੀਆਂ ਨੂੰ ਮੁਸ਼ੱਕਤ ’ਚ ਇਕ ਮਹੀਨੇ ਲਈ ਵਿਸ਼ੇਸ਼ ਛੂਟ ਦਿੱਤੀ ਜਾਵੇ ਅਤੇ ਜੇਲਾਂ ’ਚ ਰੋਜਾ ਰੱਖਣ ਅਤੇ ਖੋਲਣ ਦੇ ਸਮੇਂ ਜੇਲ ਵਿਭਾਗ ਵਲੋਂ ਖਾਸ ਡਾਇਟ ਲਗਾਈ ਜਾਵੇ। ਸ੍ਰੀ ਹਰਜੋਤ ਸਿੰਘ ਬੈਂਸ ਨੇ ਇਸ ਮੌਕੇ ’ਤੇ ਜੇਲ ਵਿਭਾਗ ਦੇ ਮੁੱਖ ਸਕੱਤਰ ਨਾਲ ਰਮਜਾਨ ਦੇ ਮਹੀਨੇ ਵਿਚ ਸਾਰੇ ਪ੍ਰਬੰਧ ਕਰਨ ਲਈ ਗੱਲ ਕੀਤੀ ਅਤੇ ਜੇਲ ਵਿਭਾਗ ਨੰੂ ਹੁਕਮ ਜਾਰੀ ਕੀਤੇ ਕਿ ਰਮਜਾਨ ਦੇ ਮਹੀਨੇ ’ਚ ਕਿਸੇ ਵੀ ਰੋਜੇਦਾਰ ਬੰਦੀਆਂ ਨੰੂ ਕਿਸੇ ਵੀ ਤਰਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਸ਼ਾਹੀ ਇਮਾਮ ਦੀ ਪ੍ਰਧਾਨਗੀ ਵਿਚ ਪਿਛਲੇ 16 ਸਾਲਾਂ ਤੋਂ ਸੂਬੇ ਭਰ ਦੀਆਂ ਜੇਲਾਂ ’ਚ ਰੋਜੇਦਾਰ ਬੰਦੀਆਂ ਲਈ ਵੰਡੀ ਜਾ ਰਹੀ ਸਮੱਗਰੀ ਅਤੇ ਈਦ ਦੇ ਕਪੜੇ ਦਿੱਤੇ ਜਾਣ ’ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਧੰਨਵਾਦ ਕੀਤਾ। ਇਸ ਮੌਕੇ ’ਤੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਦੱਸਿਆ ਕਿ ਪਿਛਲੇ ਕਈ ਵਰਿਆਂ ਤੋਂ ਮੁਸਲਿਮ ਕੈਦੀਆਂ ਨੂੰ ਇਹ ਛੂਟ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਜੇਲ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਨੇ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਰਮਜਾਨ ਦੇ ਪਵਿੱਤਰ ਮਹੀਨੇ ’ਚ ਰੋਜਾ ਰੱਖਣ ਵਾਲੇ ਸਾਰੇ ਬੰਦੀਆਂ ਨੂੰ ਖਾਸ ਸਹੂਲਤਾਂ ਦਿੱਤੀਆਂ ਜਾਣਗੀਆਂ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਦੱਸਿਆ ਕਿ ਇਸ ਵਰੇ ਵੀ ਉਨਾਂ ਦੀ ਸੰਸਥਾ ਵਲੋਂ ਸੂਬੇ ਭਰ ਦੀਆਂ ਸਾਰੀਆਂ ਜੇਲਾਂ ’ਚ ਰੋਜੇਦਾਰ ਬੰਦੀਆਂ ਨੂੰ ਰੋਜਾ ਰੱਖਣ ਅਤੇ ਖੋਲਣ ਸੰਬੰਧੀ ਸਮੱਗਰੀ ਵੰਡੀ ਜਾਵੇਗੀ, ਜਿਸਦੇ ਨਾਲ ਧਾਰਮਿਕ ਕਿਤਾਬਾਂ ਵੀ ਵਿਸ਼ੇਸ਼ ਤੌਰ ’ਤੇ ਉਪਲੱਬਧ ਕਰਵਾਈਆਂ ਜਾਣਗੀਆਂ। ਉਨਾਂ ਕਿਹਾ ਕਿ ਸਾਡਾ ਟੀਚਾ ਜੇਲਾਂ ’ਚ ਬੰਦ ਲੋਕਾਂ ਨੂੰ ਮੁੱਖ ਧਾਰਾ ਨਾਲ ਜੋੜਨਾ ਹੈ ਤਾਂ ਜੋ ਉਹ ਆਪਣੀਆਂ ਗਲਤੀਆਂ ਤੋਂ ਤੌਬਾ ਕਰਕੇ ਸਮਾਜ ’ਚ ਇਕ ਚੰਗੇ ਇਨਸਾਨ ਦੀ ਤਰਾਂ ਜੀਵਨ ਗੁਜ਼ਾਰ ਸਕਣ।