अन्य

ਲੁਧਿਆਣਾ ਦੀ ਜਾਮਾ ਮਸਜਿਦ ਸਮੇਤ ਸ਼ਹਿਰ ਭਰ ’ਚ ਅਦਾ ਕੀਤੀ ਗਈ ਈਦ-ਉਲ-ਫਿਤਰ ਦੀ ਨਮਾਜ


 ਮਰਹੂਮ ਸਾਬਕਾ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲਈ ਕਰਵਾਈ ਗਈ ਵਿਸ਼ੇਸ਼ ਦੁਆ
ਲੁਧਿਆਣਾ, : ਅੱਜ ਇੱਥੇ ਫੀਲਡਗੰਜ ਚੌਂਕ ’ਚ ਮੌਜੂਦ ਇਤਿਹਾਸਿਕ ਜਾਮਾ ਮਸਜਿਦ ਸਮੇਤ ਸ਼ਹਿਰ ਦੀਆਂ ਸਾਰੀਆਂ ਮਸਜਿਦਾਂ ’ਚ ਲੱਖਾਂ ਮੁਸਲਮਾਨਾਂ ਨੇ ਈਦ-ਉਲ-ਫਿਤਰ ਦੀ ਨਮਾਜ ਅਦਾ ਕੀਤੀ। ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਅਗੁਵਾਈ  ’ਚ ਨਮਾਜ ਅਦਾ ਕਰਨ ਤੋਂ ਪਹਿਲਾਂ ਜਾਮਾ ਮਸਜਿਦ ’ਚ ਭਾਈਚਾਰਕ ਪਰੰਪਰਾ ਦੇ ਅਨੁਸਾਰ ਸਾਰੇ ਧਰਮਾਂ ਨਾਲ ਸੰਬੰਧ ਰੱਖਣ ਵਾਲੇ ਸਮਾਜਿਕ ਅਤੇ ਰਾਜਨੀਤਕ ਲੋਕਾਂ ਨੇ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ।  ਇਸ ਮੌਕੇ ’ਤੇ ਬੀਤੀ 10 ਸਿਤੰਬਰ ਨੂੰ ਦੁਨੀਆ ਤੋਂ ਰੁਖਸਤ ਹੋਏ ਮਰਹੂਮ ਸਾਬਕਾ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੂੰ ਯਾਦ ਕਰਦੇ ਹੋਏ ਉਨਾਂ ਲਈ ਵਿਸ਼ੇਸ਼ ਦੁਆ ਕਰਵਾਈ ਗਈ। ਇਸ ਮੌਕੇ ’ਤੇ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਈਦ ਦਾ ਦਿਨ ਅੱਲਾਹ ਦੇ ਵੱਲੋਂ ਰੋਜਾ ਰੱਖਣ ਵਾਲੀਆਂ ਲਈ ਇਨਾਮ ਦਾ ਦਿਨ ਹੈ, ਉਨਾਂ ਕਿਹਾ ਕਿ ਰਮਜਾਨ ਮੁਬਾਰਕ ’ਚ ਇੰਸਾਨ ਨੂੰ ਨੇਕੀ ਕਰਨ ਦੀ ਆਦਤ ਪੈ ਜਾਂਦੀ ਹੈ ਜੋ ਕਿ ਸਾਰਾ ਸਾਲ ਸਮਾਜ ’ਚ ਚੰਗਿਆਈ ਫੈਲਾਉਣ ’ਚ ਮਦਦ ਕਰਦੀ ਹੈ।  ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਈਦ ਦਾ ਦਿਨ ਗਿਲੇ-ਸ਼ਿਕਵੇ ਦੂਰ ਕਰਕੇ ਇੱਕ ਦੂਜੇ ਨਾਲ ਗਲੇ ਮਿਲਣ ਦਾ ਦਿਨ ਹੈ, ਈਦ ਰੰਜਿਸ਼ਾਂ ਨੂੰ ਖਤਮ ਕਰਕੇ ਮੁਹੱਬਤ ਦਾ ਸੁਨੇਹਾ ਦਿੰਦੀ ਹੈ। ਸ਼ਾਹੀ ਇਮਾਮ ਨੇ ਪੰਜਾਬ ਦੇ ਮੌਜੂਦਾ ਹਾਲਾਤ ’ਤੇ ਕਿਹਾ ਕਿ ਸਰਵ ਧਰਮਾਂ ਦੇ ਲੋਕਾਂ ਨੂੰ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਹੈ।
ਇਸ ਮੌਕੇ ’ਤੇ ਮੁਸਲਮਾਨਾਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਲੁਧਿਆਣਾ ਤੋਂ ਵਿਧਾਇਕ ਚੌਧਰੀ  ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ, ਗੁਰਪ੍ਰੀਤ ਗੋਗੀ, ਕੁਲਵੰਤ ਸਿੱਧੂ ਨੇ ਕਿਹਾ ਕਿ ਅੱਜ ਜਾਮਾ ਮਸਜਿਦ ਪੁੱਜਣ ’ਤੇ ਜੋ ਕਮੀ ਸਾਨੰੂ ਸੱਭ ਨੰੂ ਮਰਹੂਮ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ ਦੀ ਮਹਿਸੂਸ ਹੋ ਰਹੀ ਹੈ ਉਸਨੰੂ ਅਸੀਂ ਸਾਰੇ ਮਿਲ ਕੇ ਵੀ ਪੂਰਾ ਨਹੀਂ ਕਰ ਸਕਦੇ। ਉਨਾਂ ਕਿਹਾ ਕਿ ਈਦ ਦਾ ਦਿਨ ਸਿਰਫ ਮੁਸਲਮਾਨ ਭਰਾਵਾਂ ਲਈ ਹੀ ਨਹੀਂ ਸਗੋਂ ਸਾਰੇ ਭਾਰਤੀਆਂ ਲਈ ਖੁਸ਼ੀ ਦਾ ਦਿਨ ਹੈ। ਉਨਾਂ ਕਿਹਾ ਕਿ ਅਸੀਂ ਦੁਆ ਕਰਦੇ ਹਾਂ ਕਿ ਇਹ ਖੁਸ਼ੀਆਂ ਭਰੀ ਰੀਤ ਹਮੇਸ਼ਾ ਇੰਜ ਹੀ ਚੱਲਦੀ ਰਹੇ।  ਉਨਾਂ ਕਿਹਾ ਕਿ ਇਸ ਤਪਦੀ ਹੋਈ ਗਰਮੀ ’ਚ ਪੂਰਾ ਮਹੀਨਾ ਮੁਸਲਮਾਨ ਰੋਜਾ ਰੱਖਦਾ ਹੈ ਅਤੇ ਆਪਣੇ ਖੁਦਾ ਦੀ ਇਬਾਦਤ ਕਰਦਾ ਹੈ, ਜਿਸਦੇ ਬਦਲੇ ’ਚ ਅੱਲਾ ਤਆਲਾ ਆਪਣੇ ਬੰਦੀਆਂ ਨੂੰ ਈਦ ਦਾ ਪੱਵਿਤਰ ਤਿਉਹਾਰ ਤੋਹਫੇ ਦੇ ਤੌਰ ’ਤੇ ਦਿੰਦੇ ਹਨ।  ਉਨਾਂ ਕਿਹਾ ਕਿ ਅੱਜ ਦਾ ਦਿਨ ਹਰ ਮੁਸਲਮਾਨ ਆਪਣੇ ਸਾਰੇ ਗਿਲੇ ਸ਼ਿਕਵੇ ਭੁੱਲ ਕੇ ਇੱਕ ਦੂੱਜੇ ਨੂੰ ਗਲੇ ਲਗਾਉਂਦਾ ਹੈ।  
ਇਸ ਮੌਕੇ ਮੁਬਾਰਕਬਾਦ ਦਿੰਦੇ ਹੋਏ ਸਾਬਕਾ ਕੈਬਿਨੇਟ ਮੰਤਰੀ ਪੰਜਾਬ ਹੀਰਾ ਸਿੰਘ ਗਾਬੜੀਆਂ ਨੇ ਅੱਜ ਜਾਮਾ ਮਸਜਿਦ ਪਹੁੰਚ ਕੇ ਮਰਹੂਮ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ  ਨੰੂ ਯਾਦ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਦੁਨਿਆਂ ’ਚੋਂ ਚਲੇ ਜਾਣਾ ਮੇਰਾ ਬਹੁਤ ਵੱਡਾ ਜਾਤੀ ਨੁਕਸਾਨ ਹੈ।  ਗਾਬੜੀਆ ਨੇ ਕਿਹਾ ਕਿ ਅੱਜ ਦਾ ਦਿਨ ਸਾਡੇ ਸਭ ਦੇ ਲਈ ਵੱਡੀ ਖੁਸ਼ੀ ਦਾ ਦਿਨ ਹੈ। ਉਨਾਂ ਕਿਹਾ ਕਿ ਲੁਧਿਆਣਾ ਸ਼ਹਿਰ ਸਾਰੇ ਧਰਮਾਂ ਦੇ ਲੋਕਾਂ ਦਾ ਇੱਕ ਗੁਲਦਸਤਾ ਹੈ। ਇਸਦੇ ਸਾਰੇ ਫੁਲ ਆਪਣੀ ਖੁਸ਼ਬੂ ਦੇ ਨਾਲ ਮਾਹੌਲ ਨੂੰ ਖੁਸ਼ਗਵਾਰ ਬਣਾ ਕੇ ਰੱਖਦੇ ਹਨ। ਉਨਾਂ ਕਿਹਾ ਕਿ ਲੁਧਿਆਣਾ ਦੀ ਇਹ ਇਤੀਹਾਸਿਕ ਜਾਮਾ ਮਸਜਿਦ ਜਿੱਥੇ ਮੁਸਲਮਾਨਾਂ ਦਾ ਮੁੱਖ ਧਾਰਮਿਕ ਕੇਂਦਰ ਹੈ ਉਥੇ ਹੀ ਇਹ ਸਾਰੇ ਧਰਮਾਂ  ਦੇ ਲੋਕਾਂ ਲਈ ਅਮਨ ਅਤੇ ਮੁਹੱਬਤ ਦੀ ਨਿਸ਼ਾਨੀ ਹੈ।
ਇਸ ਮੌਕੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਜਿਲਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ, ਸੁਸ਼ੀਲ ਪਰਾਸ਼ਰ ਨੇ ਕਿਹਾ ਈਦ ਦਾ ਦਿਨ ਹਰ ਇੱਕ ਭਾਰਤੀ ਲਈ ਖੁਸ਼ੀ ਦਾ ਦਿਨ ਹੈ। ਉਨਾਂ ਕਿਹਾ ਕਿ ਭਾਰਤ ਦੁਨੀਆ ਦਾ ਇੱਕ ਅਜਿਹਾ ਦੇਸ਼ ਹੈ ਜਿੱਥੇ ਹਰ ਇੱਕ ਧਰਮ ਦਾ ਤਿਉਹਾਰ ਸਾਰੇ ਲੋਕ ਆਪਸ ’ਚ ਮਿਲਜੁਲ ਕੇ ਮਨਾਉਦੇ ਹਨ। ਉਹਨਾਂ ਨੇ ਕਿਹਾ ਕਿ ਮਰਹੂਮ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਹਿਬ ਦਾ ਬੀਤੇ ਸਮੇਂ ਸਾਨੂੰ ਸਾਰੀਆਂ ਨੰੂ ਛੱਡ ਕੇ ਚਲੇ ਜਾਣਾ ਸਾਡੇ ਸੱਭ ਦਾ ਬਹੁਤ ਵੱਡਾ ਨੁਕਸਾਨ ਹੈ, ਕਿਉਂਕਿ ਉਨਾਂ ਨੇ ਹਮੇਸ਼ਾ ਹੀ ਪੰਜਾਬ ’ਚ ਅਮਨ ਅਤੇ ਖੁਸ਼ਹਾਲੀ ਲਈ ਕੰਮ ਕੀਤਾ ਸੀ। ਉਹਨਾਂ ਕਿਹਾ ਕਿ ਸਾਨੂੰ ਇਸ ਗੱਲ ’ਤੇ ਮਾਣ ਮਹਿਸੂਸ ਹੁੰਦਾ ਹੈ ਕਿ ਭਾਰਤ ਵਿਸ਼ਵ ਦਾ ਇੱਕਲੌਤਾ ਧਰਮ ਨਿਰਪੱਖ ਦੇਸ਼ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਆਪਸ ’ਚ ਮਿਲਜੁਲ ਕੇ ਹਰ ਤਿਉਹਾਰ ਨੂੰ ਬਹੁਤ ਖੁਸ਼ੀ ਨਾਲ ਮਨਾਉਦੇ ਹਨ।
ਇਸ ਮੌਕੇ ’ਤੇ ਜਾਮਾ ਮਸਜਿਦ ਲੁਧਿਆਣਾ ’ਚ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦੇਣ ਲਈ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੇ ਮੁੱਖ ਸੇਵਾਦਾਰ ਸ.ਪਿ੍ਰਤਪਾਲ ਸਿੰਘ, ਗੁਲਾਮ ਹਸਨ ਕੈਸਰ,  ਕੋਂਸਲਰ ਮਮਤਾ ਆਸ਼ੂ, ਕੋਂਸਲਰ ਰਾਕੇਸ਼ ਪਰਾਸ਼ਰ, ਸੀਨੀਅਰ ਕਾਂਗਰਸੀ ਨੇਤਾ ਪਰਮਿੰਦਰ ਮੇਹਤਾ, ਸੀਨੀਅਰ ਅਕਾਲੀ ਨੇਤਾ ਬਲਜੀਤ ਸਿੰਘ ਬਿੰਦਰਾ, ਅਸ਼ੋਕ ਗੁਪਤਾ, ਸ਼ਿੰਗਾਰਾ ਸਿੰਘ ਦਾਦ, ਜਰਨੈਲ ਸਿੰਘ ਤੂਰ, ਐਡਵੋਕੇਟ ਗੌਰਵ ਬੱਗਾ ਖੁਰਾਣਾ, ਜਿਲਾ ਯੂਥ ਕਾਂਗਰਸ ਪ੍ਰਧਾਨ ਯੋਗੇਸ਼ ਹਾਂਡਾ, ਮੁਹੰਮਦ  ਮੁਸਤਕੀਮ ਅਹਿਰਾਰੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।