ਪਾਕ ਦੂਤਾਵਾਸ ਨੇ ਵੀਜਾ ਦੇਣ ਤੋਂ ਕੀਤਾ ਇਨਕਾਰ, ਮੋਦੀ ਜੀ ਤੋ ਮੰਗ ਚੀਨ ਦੇ ਰਸਤੇ ਯਾਤਰਾ ਪੂਰੀ ਕਰਵਾਉਣ : ਸ਼ਾਹੀ ਇਮਾਮ ਪੰਜਾਬ
ਲੁਧਿਆਣਾ, : ਕੇਰਲਾ ਤੋਂ ਮੱਕਾ ਪੈਦਲ ਹਜ ਲਈ ਜਾ ਰਹੇ ਸ਼ਿਹਾਬ ਚਿੱਤੁਰ ਨੂੰ ਪਾਕਿਸਤਾਨ ਸਰਕਾਰ ਨੇ ਅਪਣੇ ਦੇਸ਼ ‘ਚੋਂ ਜਾਣ ਦੀ ਇਜਾਜਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਇਹ ਗੱਲ ਅੱਜ ਇੱਥੇ ਮਜਲਿਸ ਅਹਿਰਾਰ ਇਸਲਾਮ ਦੇ ਮੁੱਖ ਦਫਤਰ ‘ਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਕਹੀ | ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀਂ ਨੇ ਕਿਹਾ ਕਿ ਸ਼ਿਹਾਬ ਚਿੱਤੁਰ ਕਿਉਂਕਿ ਅਜੋਕੇ ਦਿਨੀ ਸਾਡੇ ਪੰਜਾਬ ‘ਚੋਂ ਗੁਜਰ ਰਿਹਾ ਹੈ ਤਾਂ ਉਹਨਾਂ ਨੂੰ ਮੈਂ ਕਈ ਵਾਰ ਮਿਲ ਚੁੱਕਿਆ ਹਾਂ, ਇਹਨਾਂ ਮੁਲਾਕਾਤਾਂ ‘ਚ ਇਹ ਗੱਲ ਸਾਹਮਣੇ ਆਈ ਕਿ ਦਿੱਲੀ ‘ਚ ਮੌਜੂਦ ਪਾਕਿਸਤਾਨ ਦੂਤਾਵਾਸ ਨੇ ਪੈਦਲ ਹਜ ਯਾਤਰੀ ਨੂੰ ਧੋਖਾ ਦਿੱਤਾ ਹੈ, ਪਾਕਿਸਤਾਨ ਦੇ ਦਿੱਲੀ ‘ਚ ਮੌਜੂਦ ਦੂਤਾਵਾਸ ਨੇ ਪਹਿਲਾਂ ਤਾਂ ਸ਼ਿਹਾਬ ਚਿੱਤੁਰ ਨੂੰ ਭਰੋਸਾ ਦਿੱਤਾ ਕਿ ਤੁਸੀਂ ਪੈਦਲ ਹਜ ਯਾਤਰਾ ਸ਼ੁਰੂ ਕਰ ਦਿਓ ਜਦੋਂ ਤੁਸੀਂ ਭਾਰਤ-ਪਾਕਿਸਤਾਨ ਦੇ ਬਾਡਰ ਨੇੜੇ ਪੁੱਜੋਂਗੇ ਤਾਂ ਆਪਜੀ ਨੂੰ ਪਾਕਿਸਤਾਨ ਦਾ ਵੀਜਾ ਦੇ ਦਿੱਤਾ ਜਾਵੇਗਾ, ਉਸ ਸਮੇਂ ਪਾਕਿਸਤਾਨ ਦੂਤਾਵਾਸ ਨੇ ਇਹ ਤਰਕ ਦਿੱਤਾ ਸੀ ਕਿ ਪਹਿਲਾਂ ਵੀਜਾ ਦੇਣ ਨਾਲ ਉਸਦਾ ਸਮਾਂ ਸਮਾਪਤ ਹੋ ਜਾਵੇਗਾ, ਇਸ Ñਲਈ ਬਾਡਰ ‘ਤੇ ਪਹੁੰਚਦੇ ਹੀ ਸ਼ਿਹਾਬ ਚਿੱਤੁਰ ਪਾਕਿਸਤਾਨ ਦਾ ਵੀਜਾ ਦੇ ਦਿੱਤਾ ਜਾਵੇਗਾ | ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਕਿਹਾ ਕਿ ਹੁਣ ਜਦਕਿ ਸ਼ਿਹਾਬ ਚਿੱਤੁਰ ਲਗਭਗ ਤਿੰਨ ਹਜ਼ਾਰ ਕਿਲੋਮੀਟਰ ਪੈਦਲ ਯਾਤਰਾ ਕਰਕੇ ਬਾਘਾ ਬਾਡਰ ਦੇ ਨੇੜੇ ਪੁੱਜ ਚੁੱਕਾ ਹੈ ਤਾਂ ਪਾਕਿਸਤਾਨ ਦੀ ਸਰਕਾਰ ਨੇ ਅਪਣੀ ਆਦਤ ਦੇ ਮੁਤਾਬਿਕ ਹੁਣ ਵੀਜਾ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ | ਸ਼ਾਹੀ ਇਮਾਮ ਨੇ ਕਿਹਾ ਕਿ ਪਾਕਿਸਤਾਨ ਦੇ ਅਫਸਰਾਂ ਦੇ ਇਸ ਵਤੀਰੇ ਨਾਲ ਸਾਨੂੰ ਹੈਰਤ ਨਹੀਂ ਹੋਈ ਕਿਉਂਕਿ ਇਹਨਾਂ ਦਾ ਪੁਰਾਣਾ ਕੰਮ ਹੈ ਸਿਰਫ ਧੋਖਾ ਦੇਣਾ | ਸ਼ਾਹੀ ਇਮਾਮ ਨੇ ਕਿਹਾ ਕਿ ਭਾਰਤ ਦੇ ਮੁਸਲਮਾਨਾਂ ਨੇ ਕਦੀ ਪਾਕਿਸਤਾਨ ਸਰਕਾਰ ਤੋਂ ਕੁੱਝ ਨਹੀਂ ਮੰਗਿਆ, 75 ਸਾਲਾਂ ‘ਚ ਪਹਿਲੀ ਵਾਰ ਇੱਕ ਭਾਰਤੀ ਮੁਸਲਮਾਨ ਪੈਦਲ ਹਜ ਲਈ ਜੱਦ ਮੱਕਾ ਸ਼ਰੀਫ ਜਾ ਰਿਹਾ ਹੈ ਤਾਂ ਪਾਕਿਸਤਾਨ ਉਸਨੂੰ ਆਪਣੀ ਜਮੀਨ ਤੋਂ ਜਾਣ ਨਹੀਂ ਦੇਣਾ ਚਾਹੁੰਦਾ, ਆਖਿਰ ਕਿਉਂ ਸਿਰਫ ਇਸ ਲਈ ਪਾਕਿਸਤਾਨ ਦੀ ਸਰਕਾਰ ਸ਼ਿਹਾਬ ਚਿੱਤੁਰ ਨੂੰ ਟ੍ਰਾਂਜਿਸਟ ਵੀਜਾ ਨਹੀ ਦੇ ਰਹੀ ਕਿ ਉਹ ਇੱਕ ਭਾਰਤੀ ਮੁਸਲਮਾਨ ਹੈ | ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਕਿਹਾ ਕਿ ਪਾਕਿਸਤਾਨੀ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਦੁਨਿਆ ਭਰ ‘ਚ ਇਸਲਾਮ ਦੇ ਨਾਂ ਤੇ ਢਿੰਡੋਰਾ ਪਿੱਟਣ ਵਾਲਾ ਦੇਸ਼ ਸ਼ਿਹਾਬ ਚਿੱਤੁਰ ਦੀ ਹਜ ਯਾਤਰਾ ਦੀ ਰਾਹ ‘ਚ ਰੋੜੇ ਅਟਕਾ ਰਿਹਾ ਹੈ | ਸ਼ਾਹੀ ਇਮਾਮ ਨੇ ਕਿਹਾ ਕਿ ਇੱਕ ਪਾਸੇ ਪਾਕਿਸਤਾਨ ਦੇ ਲੋਕ ਰੋਜਾਨਾ ਸ਼ੋਸ਼ਲ ਮੀਡੀਆ ਦੇ ਪੈਦਲ ਹਜ ਯਾਤਰੀ ਸ਼ਿਹਾਬ ਚਿੱਤੁਰ ਦੇ ਭਰਵੇ ਸਵਾਗਤ ਦੀ ਗੱਲ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਉੱਥੇ ਦੀ ਸਰਕਾਰ ਹਜ ਯਾਤਰਾ ‘ਤੇ ਰੋਕ ਲਾ ਕੇ ਚੁੱਪੀ ਸਾਧੇ ਬੈਠੀ ਹੈ | ਪਾਕਿਸਤਾਨ ਦਾ ਇਹ ਦੋਗਲਾ ਵਤੀਰਾ ਸਮਝ ਤੋਂ ਬਾਹਰ ਹੈ | ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਰਹਿਮਾਨੀ ਨੇ ਕਿਹਾ ਕਿ ਜੇਕਰ ਪਾਕਿਸਤਾਨ ਸਰਕਾਰ ਨੂੰ ਇਹ ਗਲਤ ਫਹਿਮੀ ਹੈ ਕਿ ਉਹ ਇਸ ਹਾਜੀ ਨੂੰ ਰਸਤਾ ਨਾ ਦੇਕੇ ਪਹਿਲੀ ਵਾਰ ਪੈਦਲ ਹਜ ਯਾਤਰਾ ‘ਤੇ ਜਾ ਰਹੇ ਭਾਰਤੀ ਮੁਸਲਮਾਨ ਨੂੰ ਰੋਕ ਸਕਦੀ ਹੈ ਤਾਂ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇੰਸ਼ਾਅੱਲਾਹ ਸ਼ਿਹਾਬ ਚਿੱਤੁਰ ਭਾਰਤ ਤੋਂ ਮੱਕਾ ਮਦੀਨਾ ਜਰੂਰ ਜਾਏਗਾ, ਜੇਕਰ ਪਾਕਿਸਤਾਨ ਨੇ ਰਸਤਾ ਰੋਕਿਆ ਤਾਂ ਚੀਨ ਅਤੇ ਕਜਾਕਿਸਤਾਨ ਦੇ ਰਸਤੇ ਸਫਰ ਜਾਰੀ ਰੱਖਿਆ ਜਾਏਗਾ | ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਦੱਸਿਆ ਕਿ ਇਸ ਵਿਸ਼ੇ ‘ਚ ਅਸੀਂ ਭਾਰਤ ਦੇ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਨੂੰ ਵੀ ਈਮੇਲ ਰਾਹੀਂ ਪੱਤਰ ਲਿਖ ਦਿੱਤਾ ਹੈ ਅਤੇ ਇਹ ਮੰਗ ਕੀਤੀ ਹੈ ਕਿ ਪਾਕਿਸਤਾਨ ਦੇ ਬਜਾਏ ਚੀਨ ਦੇ ਰਸਤੇ ਮੱਕਾ ਸ਼ਰੀਫ ਜਾਣ ਲਈ ਭਾਰਤ ਸਰਕਾਰ ਸ਼ਿਹਾਬ ਚਿੱਤੁਰ ਦੀ ਮਦਦ ਕਰੇ, ਤਾਂਕਿ ਪੂਰੀ ਦੁਨਿਆ ਦੇ ਇਸਲਾਮੀ ਦੇਸ਼ਾਂ ਦੇ ਸਾਹਮਣੇ ਪਾਕਿਸਤਾਨ ਦਾ ਦੋਗਲਾ ਚੇਹਰਾ ਬੇਨਕਾਬ ਹੋ ਸਕੇ | ਸ਼ਾਹੀ ਇਮਾਮ ਨੇ ਕਿਹਾ ਕਿ ਕੇਰਲਾ ਤੋ ਬਾਘਾ ਬਾਡਰ ਤੱਕ ਰੋਜਾਨਾ ਜਦ ਸ਼ਿਹਾਬ ਚਿੱਤੁਰ ਪੈਦਲ ਚਲਦੇ ਸੀ ਤਾਂ ਰਸਤੇ ‘ਚ ਸਾਰੀਆਂ ਸੂਬਾਂ ਸਰਕਾਰਾਂ ਨੇ ਨਾ ਸਿਰਫ ਸ਼ਿਹਾਬ ਚਿੱਤੁਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਬਲਕਿ ਸਾਰੇ ਧਰਮਾਂ ਦੇ ਲੋਕਾਂ ਨੇ ਸ਼ਿਹਾਬ ਚਿੱਤੁਰ ਦਾ ਜਗ੍ਹਾਂ-ਜਗ੍ਹਾਂ ਭਰਵਾਂ ਸਵਾਗਤ ਕੀਤਾ | ਇਹ ਭਾਰਤ ਦੀ ਉਹ ਖੂਬਸੂਰਤੀ ਹੈ ਜਿਸਨੂੰ ਪਾਕਿਸਤਾਨ ਕਦੇ ਨਹੀਂ ਸਮਝ ਸਕਦਾ | ਇੱਕ ਸਵਾਲ ਦੇ ਜਵਾਬ ‘ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਕਿਹਾ ਕਿ ਉਹ ਸ਼ਿਹਾਬ ਚਿੱਤੁਰ ਨੂੰ ਮਿਲਣ ਲਈ ਕੱਲ ਦੁਪਿਹਰ ਸ਼੍ਰੀ ਅੰਮਿ੍ਤਸਰ ਸਾਹਿਬ ਜਾਣਗੇ |