ਮੁਸਲਾਮਨ ਜਾਨ ਤੋਂ ਵੱਧ ਕੇ ਪੈਗੰਬਰੇ ਇਸਲਾਮ ਨਾਲ ਪਿਆਰ ਕਰਦੇ ਹਨ : ਸ਼ਾਹੀ ਇਮਾਮ ਪੰਜਾਬ
ਲੁਧਿਆਣਾ, : ਦਿਲਾਂ ਦੀ ਨਫ਼ਰਤ ਨੂੰ ਕੱਢ ਕੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰੋ, ਸੱਚਾ ਮੁਸਲਮਾਨ ਉਹੀ ਹੈ, ਜਿਹੜਾ ਹਜ਼ਰਤ ਮੁਹੰਮਦ ਸਾਹਿਬ ਸਲੱਲਾਹੁ ਅਲੈਹੀਵਸੱਲਮ ਦੇ ਦੱਸੇ ਹੋਏ ਰੱਸਤੇ ‘ਤੇ ਚਲਦਾ ਰਹੇ | ਇਹ ਵਿਚਾਰ ਅੱਜ ਇੱਥੇ ਜਾਮਾ ਮਸਜਿਦ ਵਿਖੇ 12 ਵਫਾਤ ਦੇ ਇਤਿਹਾਸਕ ਦਿਹਾੜੇ ਮੌਕੇ ਮੁਸਲਮਾਨਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ 12 ਰਬੀ-ਉਲ-ਅੱਵਲ ਦੇ ਦਿਨ ਹਜ਼ਰਤ ਮੁਹੰਮਦ ਸਲੱਲਾਹੁ ਅਲੈਹੀਵਸੱਲਮ ਦਾ ਜਨਮ ਹੋਇਆ ਅਤੇ 63 ਸਾਲ ਤੱਕ ਸੰਸਾਰ ਵਿਚ ਇੰਸਾਨੀਅਤ ਨੂੰ ਪਿਆਰ-ਮੁਹੱਬਤ, ਆਪਸੀ ਭਾਈਚਾਰੇ ਦਾ ਪਾਠ ਪੜ੍ਹਾ ਕੇ ਅੱਜ ਦੇ ਦਿਨ ਹੀ ਅੱਲ੍ਹਾ ਤਆਲਾ ਦੇ ਕੋਲ ਵਾਪਸ ਪਰਤ ਗਏ ਅਤੇ ਇਸ ਲਈ ਅੱਜ ਦੇ ਦਿੱਨ ਨੂੰ 12 ਵਫਾਤ ਕਿਹਾ ਜਾਂਦਾ ਹੈ | ਇਹੀ ਵਜ੍ਹਾ ਹੈ ਕਿ ਅੱਜ ਦੇ ਦਿਨ ਮੁਸਲਮਾਨ ਆਪਣੇ ਪਿਆਰੇ ਨਬੀ ਹਜ਼ਰਤ ਮੁਹੰਮਦ ਸਾਹਿਬ ਸਲੱਲਾਹੁ ਅਲੈਹੀਵਸੱਲਮ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀਆਂ ਦਿੱਤੀਆਂ ਸਿੱਖਿਆਵਾਂ ਦੇ ਮੁਤਾਬਿਕ ਆਪਣਾ ਜੀਵਨ ਵਤੀਤ ਕਰਨ ਦਾ ਸਕੰਲਪ ਦੁਹਰਾਉਂਦੇ ਹਨ |
ਸ਼ਾਹੀ ਇਮਾਮ ਨੇ ਕਿਹਾ ਕਿ 14 ਸੌ ਸਾਲ ਬੀਤ ਜਾਣ ਤੋਂ ਬਾਅਦ ਵੀ ਆਪ ਦੀਆਂ ਸਿੱਖਿਆਵਾਂ ਕਿਸੇ ਤਬਦੀਲੀ ਤੋਂ ਬਿਨਾਂ ਵਿਸ਼ੇਸ਼ ਤੌਰ ‘ਤੇ ਮੌਜੂਦ ਹਨ ਅਤੇ ਮਨੁੱਖ ਜਾਤੀ ਦੇ ਮਾਰਗ ਦਰਸ਼ਨ ਲਈ ਆਸ਼ਾ ਦੀ ਕਿਰਨ ਹਨ | ਸ਼ਾਹੀ ਇਮਾਮ ਨੇ ਕਿਹਾ ਕਿ ਅਲ੍ਹਾਹ ਤਾਆਲਾ ਨੇ ਕੁਰਾਨ ਸ਼ਰੀਫ ਵਿਚ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਸਲੱਲਾਹੁ ਅਲੈਹੀਵਸੱਲਮ ਆਖਰੀ ਨਬੀ ਹਨ, ਹੁਣ ਕੋਈ ਹੋਰ ਵਿਅਕਤੀ ਕਿਆਮਤ ਤੱਕ ਨਬੀ ਬਣ ਕੇ ਨਹੀਂ ਆ ਸਕਦਾ | ਉਨ੍ਹਾਂ ਕਿਹਾ ਕਿ ਹਜ਼ਰਤ ਮੁਹੰਮਦ ਸਾਹਿਬ ਸਲੱਲਾਹੁ ਅਲੈਹੀਵਸੱਲਮ ਦੇ ਦੁਨੀਆਂ ‘ਚ ਆਉਣ ਤੋਂ ਪਹਿਲਾਂ ਲੋਕ ਧੀਆਂ ਨੂੰ ਜਿੰਦਾ ਦਫ਼ਨ ਕਰ ਦਿੰਦੇ ਸੀ | ਹਜ਼ਰਤ ਮੁਹੰਮਦ ਸਾਹਿਬ ਸਲੱਲਾਹੁ ਅਲੈਹੀਵਸੱਲਮ ਨੇ ਦੁਨੀਆਂ ‘ਚ ਆ ਕੇ ਇਸ ਜੁਲਮ ਨੂੰ ਰੋਕਿਆ ਅਤੇ ਧੀ ਨੂੰ ਅਲ੍ਹਾ ਦੀ ਰਹਿਮਤ ਦੱਸਿਆ |
ਸ਼ਾਹੀ ਇਮਾਮ ਨੇ ਕਿਹਾ ਕਿ ਇਸਲਾਮ ਧਰਮ ਆਪਸੀ ਭਾਈਚਾਰੇ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ, ਫਿਰਕੂ ਤਾਕਤਾਂ ਵਲੋਂ ਇਸਲਾਮ ਧਰਮ ਨੂੰ ਅੱਤਵਾਦ ਨਾਲ ਜੋੜਨਾ ਗਲਤ ਹੈ, ਬਲਕਿ ਨਿੰਦਨਯੋਗ ਹੈ | ਉਨ੍ਹਾਂ ਕਿਹਾ ਕਿ ਇਸਲਾਮ ਧਰਮ ਦੇ ਖ਼ਿਲਾਫ਼ ਨਿੰਦਨਯੋਗ ਗੱਲਾਂ ਇੰਨਸਾਨੀਅਤ ਦੇ ਲਈ ਸ਼ਰਮਨਾਕ ਹਨ | ਸ਼ਾਹੀ ਇਮਾਮ ਨੇ ਕਿਹਾ ਕਿ ਮੁਸਲਮਾਨ ਹਜਰਤ ਮੁਹੰਮਦ ਸਾਹਿਬ ਸਲੱਲਾਹੂ ਅਲੈਹੀਵਸਲੱਮ ਨਾਲ ਅਪਣੀ ਜਾਨ ਤੋਂ ਵੱਧ ਪਿਆਰ ਕਰਦੇ ਹਨ | ਪੈਗੰਬਰੇ ਇਸਲਾਮ ਹਜ਼ਰਤ ਮੁਹੰਮਦ ਸਾਹਿਬ ਸਲੱਲਾਹੁ ਅਲੈਹੀਵਸੱਲਮ ਦੀ ਸ਼ਾਨ ਦੇ ਲਈ ਸਾਡੀ ਜਾਨ ਵੀ ਹਾਜ਼ਿਰ ਹੈ | ਇਸ ਮੌਕੇ ਮੌਲਾਨਾ ਮੁਹੰਮਦ ਇਬਰਾਹਿਮ ਸਹਿਤ ਮੌਲਾਨਾ ਮੋਹਤਰਮ, ਗੁਲਾਮ ਹਸਨ ਕੈਸਰ ਅਤੇ ਮੁਹੰਮਦ ਮੁਸਤਕੀਮ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ |