अन्य

ਮੁਸਲਮਾਨ ਕਿਸੇ ਦੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲੇ ਨਹੀਂ ਹਨ

 ਅਹਿਰਾਰ ਪਾਰਟੀ ਦੇ 93ਵੇਂ ਸਥਾਪਨਾ ਦਿਵਸ ’ਤੇ ਸ਼ਾਹੀ ਇਮਾਮ ਪੰਜਾਬ ਦਾ ਬਿਆਨ
ਲੁਧਿਆਣਾ, : ਭਾਰਤ ਦੀ ਅਜਾਦੀ ਲੜਾਈ ’ਚ ਵੱਧ-ਚੜ੍ਹ ਕੇ ਕੁਰਬਾਨੀਆਂ ਦੇਣ ਵਾਲੀ ਪਾਰਟੀ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ 93ਵੇਂ ਸਥਾਪਨਾ ਦਿਵਸ ਦੇ ਮੌਕੇ ’ਤੇ ਅੱਜ ਇੱਥੇ ਜਾਮਾ ਮਸਜਿਦ ਲੁਧਿਆਣਾ ’ਚ ਪਾਰਟੀ  ਦੇ ਕੌਮੀ ਪ੍ਰਧਾਨ ਅਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀਂ ਦੀ ਪ੍ਰਧਾਨਗੀ ਹੇਠ ਸਥਾਪਨਾ ਦਿਵਸ ਦੇ ਪੋ੍ਰਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ’ਤੇ ਮੌਲਾਨਾ ਉਸਮਾਨ ਨੇ ਕਿਹਾ ਕਿ ਇਸ ਪਾਰਟੀ ਦੀ ਸਥਾਪਨਾ ਭਾਰਤ ਦੇ ਪ੍ਰਸਿੱਧ ਅਜਾਦੀ ਘੁਲਾਟੀ ਰਈਸ ਉਲ ਅਹਿਰਾਰ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ (ਪਹਿਲਾਂ), ਸਈਯਦ ਉਲ ਅਹਿਰਾਰ ਸਈਯਦ ਅਤਾਉੱਲਾਹ ਸ਼ਾਹ ਬੁਖ਼ਾਰੀ, ਚੌਧਰੀ ਅਫਜਲ ਹੱਕ ਨੇ 29 ਦਸੰਬਰ 1929 ਈ0 ਨੂੰ ਲਾਹੌਰ ਦੇ ਹਬੀਬ ਹਾਲ ’ਚ ਕੀਤੀ ਸੀ। ਅਹਿਰਾਰ ਪਾਰਟੀ ਦੀ ਸਥਾਪਨਾ ਇਸ ਲਈ ਕੀਤੀ ਗਈ ਸੀ ਕਿ ਅਸੀ ਦੇਸ਼ ’ਚ ਉਸ ਸਮੇਂ ਮੌਜੂਦ ਜਾਲਿਮ ਅੰਗ੍ਰੇਜ ਸਰਕਾਰ ਨੂੰ ਦੇਸ਼ ਤੋਂ ਬਾਹਰ ਕੱਢਣਾ ਤੇ ਅਹਿਰਾਰ ਪਾਰਟੀ ਦੇ ਵਰਕਰਾਂ ਨੇ ਆਪਣੇ ਇਸ ਫਰਜ ਨੂੰ ਚੰਗੀ ਤਰ੍ਹਾਂ ਨਿਭਾਇਆ। ਇੱਕ – ਦੋ ਨਹੀਂ ਸਗੋਂ ਹਜ਼ਾਰਾਂ ਅਹਿਰਾਰੀ ਵਰਕਰਾਂ ਨੇ ਅਜਾਦੀ ਦੀ ਲੜਾਈ ’ਚ ਜੇਲ੍ਹਾਂ ਕੱਟੀਆਂ। ਸ਼ਾਹੀ ਇਮਾਮ ਨੇ ਕਿਹਾ ਕਿ ਜੇਕਰ ਅੱਜ ਵੀ ਜਰੂਰਤ ਪਈ ਤਾਂ ਅਸੀਂ ਆਪਣੇ ਦੇਸ਼ ਦੀ ਅਖੰਡਤਾ ਲਈ ਖੂਨ ਦਾ ਆਖਰੀ ਕਤਰਾ ਵੀ ਬਹਾ ਦੇਵਾਂਗੇ ਲੇਕਿਨ ਜੋ ਫਿਰਕਾਪ੍ਰਸਤ ਤਾਕਤਾਂ ਦੇਸ਼ ਦੇ ਮੁਸਲਮਾਨਾਂ ਨੂੰ ਡਰਾਉਣਾ ਚਾਹੁੰਦੀਆਂ ਹਨ ਉਹ ਕੰਨ ਖੋਲ ਕੇ ਸੁਣ ਲੈਣ ਕਿ ਮੁਸਲਮਾਨ ਕਿਸੇ ਦੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਅਹਿਰਾਰ ਕਿਸੇ ਇਤੀਹਾਸਕਾਰ ਦੀ ਮੁਹਤਾਜ ਨਹੀਂ ਹੈ।  ਸ਼ਾਹੀ ਇਮਾਮ ਮੌਲਾਨਾ ਉਸਮਾਨ ਨੇ ਕਿਹਾ ਕਿ ਅੰਗ੍ਰੇਜ ਤਾਂ ਭਾਰਤ ਛੱਡ ਗਏ ਪਰ ਉਸਦੇ ਕਈ ਟੋਡੀ ਅੱਜ ਵੀ ਦੇਸ਼ ’ਚ ਮੌਜੂਦ ਹਨ,  ਜਿਨ੍ਹਾਂ ਨੂੰ ਅਸੀਂ ਬੇਨਕਾਬ ਕਰਦੇ ਰਹਾਂਗੇ। ਇਸ ਮੌਕੇ ’ਤੇ ਪੈਗੰਬਰੇ ਇਸਲਾਮ ਹਜਰਤ ਮੁਹੰਮਦ  ਸਲੱਲਾਹੁ ਅਲੈਹੀ ਵਸੱਲਮ ਦੀ ਜੀਵਨੀ  ’ਤੇ ਰੋਸ਼ਨੀ ਪਾਉਂਦੇ ਹੋਏ ਸ਼ਾਹੀ ਇਮਾਮ ਨੇ ਕਿਹਾ ਕਿ ਪਿਆਰੇ ਨਬੀ ਨੇ ਇਨਸਾਨੀਅਤ ਨੂੰ ਗੁਲਾਮੀ ਤੋਂ ਆਜ਼ਾਦੀ ਦਵਾ ਕੇ ਦੁਨੀਆ ਭਰ ਦੇ ਇਨਸਾਨਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਜਰੂਰਤ ਇਸ ਗੱਲ ਦੀ ਹੈ ਕਿ ਹਰ ਖਾਸ ਅਤੇ ਆਮ ਤੱਕ ਪੈਗੰਬਰੇ ਇਸਲਾਮ ਹਜਰਤ ਮੁਹੰਮਦ ਸਲੱਲਾਹੁ ਅਲੈਹੀ ਵਸੱਲਮ ਦਾ ਪੈਗਾਮ ਪਹੁੰਚਾਇਆ ਜਾਵੇ ਤਾਂ ਕਿ ਆਪਸ ਦੀਆਂ ਨਫਰਤਾਂ, ਮੁਹੱਬਤਾਂ ’ਚ ਬਦਲ ਜਾਈਏ। ਸ਼ਾਹੀ ਇਮਾਮ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਨਫ਼ਰਤ ਫੈਲਾਉਣ ਵਾਲੀਆਂ ਦੇ ਖ਼ਿਲਾਫ ਚੁੱਪ ਕਿਉਂ ਹੈ ਇਹ ਹੈਰਤ ਦੀ ਗੱਲ ਹੈ, ਉਨ੍ਹਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਹਰ ਇੱਕ ਵਿਅਕਤੀ ਆਪਣੇ ਧਰਮ ਅਤੇ ਸ਼ਰਧਾ ਦੇ ਮੁਤਾਬਕ ਜੀਵਨ ਬਿਤਾਉਣ ਲਈ ਆਜਾਦ ਹੈ ਅਤੇ ਸਾਡੀ ਇਹ ਅਜਾਦੀ ਕੋਈ ਰਾਜਨੀਤਿਕ ਪਾਰਟੀ ਨਹੀਂ ਖੌਹ ਸਕਦੀ।  ਇਸ ਮੌਕੇ ’ਤੇ ਗੁਲਾਮ ਹਸਨ ਕੈਸਰ, ਕਾਰੀ ਮੋਹਤਰਮ, ਮੁਫਤੀ ਆਰਿਫ, ਕਾਰੀ ਅਬਦੁਰ ਰਹਿਮਾਨ, ਕਾਰੀ ਇਬ੍ਰਾਹੀਮ,  ਮੁਫਤੀ ਨੂਰ ਉਲ ਹੁਦਾ, ਹਾਫਿਜ ਜੈਨੁਲ ਆਬੇਦੀਨ, ਮੌਲਾਨਾ ਸੁਲੇਮਾ, ਮੁਫਤੀ ਜਮਾਲੁਦੀਨ ਤੇ ਮੁਹੰਮਦ ਮੁਸਤਕੀਮ ਨੇ ਵੀ ਸੰਬੋਧਨ ਕੀਤਾ।