देश विदेश

ਰਮਜਾਨ ਦੇ ਪਵਿੱਤਰ ਮਹੀਨੇ ‘ਚ ਰੋਜੇਦਾਰ ਬੰਦੀਆਂ ਨੂੰ ਮਿਲਣਗੀਆਂ ਵਿਸ਼ੇਸ਼ ਸਹੂਲਤਾਂ


 ਸ਼ਾਹੀ ਇਮਾਮ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਕੀਤਾ ਧੰਨਵਾਦ
ਲੁਧਿਆਣਾ,: ਬੀਤੇ ਦਿਨੀ  ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਲੁਧਿਆਣਾ ‘ਚ ਪੰਜਾਬ ਦੇ ਮੁਸਲਮਾਨਾਂ ਨੂੰ ਪੇਸ਼ ਆ ਰਹੀਆਂ ਪਰੇਸ਼ਾਨੀਆਂ ਨੂੰ ਲੈ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਸੀ | ਉਥੇ ਹੀ ਪੰਜਾਬ ਦੀਆਂ ਜੇਲਾਂ ਚ ਬੰਦ ਮੁਸਲਮਾਨ ਬੰਦੀਆਂ ਨੂੰ ਪਵਿੱਤਰ ਰਮਜਾਨ ਦੇ ਮਹੀਨੇ ‘ਚ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਾਉਣ ਨੂੰ ਲੈ ਕੇ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਸੀ, ਜਿਸ ‘ਚ ਮੰਗ ਕੀਤੀ ਗਈ ਸੀ ਕਿ ਪੰਜਾਬ ਭਰ ਦੀਆਂ ਜੇਲਾਂ ‘ਚ ਰੋਜਾ ਰੱਖਣ ਵਾਲੇ ਬੰਦੀਆਂ ਨੂੰ ਮੁਸ਼ੱਕਤ ‘ਚ ਇੱਕ ਮਹੀਨੇ ਲਈ ਵਿਸ਼ੇਸ਼ ਛੂਟ ਦਿੱਤੀ ਜਾਵੇ ਅਤੇ ਜੇਲਾਂ ‘ਚ ਰੋਜਾ ਰੱਖਣ ਅਤੇ ਖੋਲ੍ਹਣ ਦੇ ਸਮੇਂ ਜੇਲ੍ਹ ਵਿਭਾਗ ਵੱਲੋਂ ਖਾਸ ਡਾਇਟ ਲਗਾਈ ਜਾਵੇ ਅਤੇ ਜੇਲਾਂ ‘ਚ ਬੰਦ ਮੁਸਲਮਾਨ ਬੰਦੀਆਂ ਨੂੰ ਰਮਜਾਨ ਦੇ ਮਹੀਨੇ ‘ਚ ਰੋਜ਼ਾ ਰੱਖਣ ਦੇ ਸਾਰੇ ਪ੍ਰਬੰਧ ਕਰਣ ਲਈ ਗੱਲ ਕੀਤੀ ਗਈ ਸੀ | ਜਿਸਤੋਂ ਬਾਅਦ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਨਵੀ ਦੀ ਮੰਗ ਨੂੰ ਪੂਰਾ ਕਰਦੇ ਹੋਏ ਜੇਲ੍ਹ ਵਿਭਾਗ ਨੂੰ ਹੁਕਮ ਜਾਰੀ ਕਰਦੇ ਹੋਏ ਕਿਹਾ ਗਿਆ ਕਿ ਰਮਜਾਨ ਦੇ ਪਵਿੱਤਰ ਮਹੀਨੇ ‘ਚ ਹਰ ਇੱਕ ਮੁਸਲਮਾਨ ਰੋਜਦਾਰ ਬੰਦੀ ਨੂੰ 100 ਰੁਪਏ ਪ੍ਰਤੀ ਦਿਨ ਖਾਣ-ਪੀਣ ਦੀ ਸਮੱਗਰੀ ਮੁਹੱਈਆ ਕਰਾਈ ਜਾਵੇ ਅਤੇ ਕਿਸੇ ਵੀ ਰੋਜੇਦਾਰ ਬੰਦੀ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਣਾ ਪਵੇ | ਮੁੱਖ ਮੰਤਰੀ ਨੇ ਸ਼ਾਹੀ ਇਮਾਮ ਦੀ ਪ੍ਰਧਾਨਗੀ ਹੇਠ ਪਿਛਲੇ 20 ਸਾਲਾਂ ਤੋਂ ਸੂਬੇ ਭਰ ਦੀਆਂ ਜੇਲਾਂ ‘ਚ ਰੋਜੇਦਾਰ ਬੰਦੀਆਂ ਨੂੰ ਵੰਡੀ ਜਾ ਰਹੀ ਸਮੱਗਰੀ ਅਤੇ ਈਦ ਦੇ ਕੱਪੜੇ ਦਿੱਤੇ ਜਾਣ ‘ਤੇ ਖੁਸ਼ੀ ਦਾ ਇਜਹਾਰ ਕਰਦੇ ਹੋਏ ਇਸਨ੍ਹੂੰ ਇੱਕ ਚੰਗੀ ਪਹਿਲ ਦੱਸਿਆ |  ਅੱਜ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਰੋਜੇਦਾਰ ਬੰਦੀਆਂ ਨੂੰ ਇਹ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ |  ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਰਮਜਾਨ ਦੇ ਪਵਿੱਤਰ ਮਹੀਨੇ ‘ਚ ਰੋਜਾ ਰੱਖਣ ਵਾਲੇ ਸਾਰੇ ਬੰਦੀਆਂ ਨੂੰ ਵਿਸ਼ੇਸ਼ ਸਹੁਲਤਾਂ ਦਿੱਤੀਆਂ ਜਾਣਗੀਆਂ |  ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਦੱਸਿਆ ਕਿ ਇਸ ਸਾਲ ਵੀ ਉਨ੍ਹਾਂ ਦੀ ਸੰਸਥਾ ਵੱਲੋਂ ਸੂਬੇ ਭਰ ਦੀਆਂ ਸਾਰੀਆਂ ਜੇਲਾਂ ‘ਚ ਰੋਜੇਦਾਰ ਬੰਦੀਆਂ ਨੂੰ ਰੋਜਾ ਰੱਖਣ ਅਤੇ ਖੋਲ੍ਹਣ ਸਬੰਧੀ ਸਮੱਗਰੀ ਵੰਡੀ ਜਾਵੇਗੀ, ਜਿਸਦੇ ਨਾਲ ਧਾਰਮਿਕ ਕਿਤਾਬਾਂ ਵੀ ਮੁੱਖ ਤੌਰ ‘ਤੇ ਮੁਹੱਈਆ ਕਰਵਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਸਾਡਾ ਮਕਸਦ ਜੇਲਾਂ ‘ਚ ਬੰਦ ਲੋਕਾਂ ਨੂੰ ਮੁੱਖ ਧਾਰਾ ਨਾਲ ਜੋੜਨਾ ਹੈ, ਤਾਂਕਿ ਉਹ ਆਪਣੀਆਂ ਗਲਤੀਆਂ ਤੋਂ ਤੌਬਾ ਕਰਕੇ ਸਮਾਜ ‘ਚ ਇੱਕ ਚੰਗੇ ਇਨਸਾਨ ਦੀ ਤਰ੍ਹਾਂ ਜਿੰਦਗੀ ਗੁਜਾਰ ਸਕਣ |