ਸਰਕਾਰ ਕਾਦੀਆਨੀ ਜਮਾਤ ਨੂੰ ਮੁਸਲਮਾਨਾਂ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਨਾ ਕਰੇ : ਸ਼ਾਹੀ ਇਮਾਮ ਪੰਜਾਬ
ਲੁਧਿਆਣਾ, : ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵੱਲੋਂ ਵਿਸ਼ਵ ਮੁਸਲਿਮ ਭਾਈਚਾਰੇ ਵੱਲੋਂ ਇੱਕ ਸਦੀ ਪਹਿਲਾਂ ਇਸਲਾਮ ‘ਚੋਂ ਕੱਢੇ ਜਮਾਤ-ਏ-ਕਾਦੀਆਨ ਅਹਿਮਦੀਆ ਦੇ ਹੱਕ ‘ਚ ਦਿੱਤੇ ਗਏ ਬਿਆਨ ਨਾਲ ਦੇਸ਼ ਭਰ ਦੇ ਮੁਸਲਮਾਨਾਂ ‘ਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਅੱਜ ਇੱਥੇ ਪੰਜਾਬ ਦੇ ਮੁਸਲਮਾਨਾਂ ਦੇ ਮੁੱਖ ਧਾਰਮਿਕ ਕੇਂਦਰ ਜਾਮਾ ਮਸਜਿਦ ਲੁਧਿਆਣਾ ਦੇ ਬਾਹਰ ਸੈਂਕੜੇ ਮੁਸਲਮਾਨਾਂ ਨੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਦਾ ਪੁਤਲਾ ਫੂਕ ਕੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਮਜਲਿਸ ਅਹਿਰਾਰ ਇਸਲਾਮ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਕੇਂਦਰੀ ਮੰਤਰੀ ਆਂਧਰਾ ਪ੍ਰਦੇਸ਼ ਵਕਫ਼ ਬੋਰਡ ਦਾ ਬਹਾਨਾ ਲਾ ਕੇ ਕਾਦੀਆਨੀ ਜਮਾਤ ਦੀ ਜੋ ਹਮਾਇਤ ਦਾ ਐਲਾਨ ਕਰ ਰਹੀ ਹੈ ਉਹ ਨਾ ਸਿਰਫ ਅਫਸੋਸਜਨਕ ਹੈ ਬਲਕਿ ਸਿੱਧਾ ਇਸਲਾਮ ਧਰਮ ‘ਚ ਦਖਲਅੰਦਾਜ਼ੀ ਹੈ ਜਿਸ ਨੂੰ ਭਾਰਤੀ ਮੁਸਲਮਾਨ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸ੍ਰੀਮਤੀ ਇਰਾਨੀ ਕਾਦੀਆਨੀ ਜਮਾਤ ਦੇ ਹੱਕ ‘ਚ ਬਿਆਨ ਦਿੰਦੇ ਹੋਏ ਕਹਿ ਰਹੀ ਹਨ ਕਿ ਉਹ ਇਹ ਨਸੀਹਤ ਘੱਟਗਿਣਤੀ ਮੰਤਰੀ ਹੋਣ ਦੇ ਨਾਤੇ ਵਕਫ ਬੋਰਡ ਨੂੰ ਕਰ ਰਹੀ ਹਨ ਅਤੇ ਸ਼੍ਰੀਮਤੀ ਇਰਾਨੀ ਦੂਜੇ ਪਾਸੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਹੋਣ ਦੇ ਬਾਵਜੂਦ ਵੀ ਉਹ ਮਨੀਪੁਰ ‘ਚ ਦੇਸ਼ ਦੀਆਂ ਧੀਆਂ ਨਾਲ ਹੋਏ ਜ਼ੁਲਮ ‘ਤੇ ਚੁੱਪੀ ਸਾਧੇ ਹੋਏ ਹਨ। ਸ਼ਾਹੀ ਇਮਾਮ ਪੰਜਾਬ ਨੇ ਕਿਹਾ ਕਿ ਸ੍ਰੀਮਤੀ ਇਰਾਨੀ ਨੂੰ ਕਾਦੀਆਨੀ ਜਮਾਤ ਦੀ ਹਮਾਇਤ ਕਰਨ ਤੋਂ ਪਹਿਲਾਂ ਇਤਿਹਾਸ ਅਤੇ ਤੱਥ ਦੋਵੇਂ ਦੇਖਣੇ ਚਾਹੀਦੇ ਸਨ, ਜਿਸ ਤਰਹ ਭਾਜਪਾ ਦੀਆਂ ਨੀਤੀਆਂ ਦਾ ਵਿਰੋਧ ਕਰਕੇ ਕੋਈ ਪਾਰਟੀ ਦਾ ਮੈਂਬਰ ਨਹੀਂ ਬਣ ਸਕਦਾ, ਉਸੇ ਤਰਹ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਜੇਕਰ ਆਪਣੇ ਧਰਮ ਦੇ ਮੂਲ ਸਿਧਾਂਤਾਂ ਦੀ ਪਾਲਣਾ ਨਹੀ ਕਰਦਾ ਤਾਂ ਫਿਰ ਉਹ ਉਸ ਧਰਮ ‘ਚ ਨਹੀਂ ਰਹਿ ਸਕਦਾ। ਕਾਦੀਆਨੀ ਜਮਾਤ ਦਾ ਇਤਿਹਾਸ ਸ਼੍ਰੀਮਤੀ ਇਰਾਨੀ ਨੂੰ ਦੇਖਣਾ ਚਾਹੀਦਾ ਹੈ ਉਸ ਦਾ ਸਮਰਥਨ ਕਰਨ ਲਈ ਇਹ ਕਾਫੀ ਨਹੀਂ ਹੈ ਕਿ ਉਹ ਇਸਲਾਮ ਅਤੇ ਮੁਸਲਮਾਨਾਂ ਦੇ ਖਿਲਾਫ ਹਨ, ਬਲਕਿ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਕਾਦੀਆਨੀ ਜਮਾਤ ਦੀ ਨੀਂਹ ਭਾਰਤ ‘ਚ ਅੰਗ੍ਰੋਜੀ ਸਾਮਰਾਜ ਦੇ ਸਮੇਂ ਉਸ ਵਕਤ ਰੱਖੀ ਗਈ ਸੀ ਜਦੋਂ ਦੇਸ਼ ਭਗਤ ਆਜ਼ਾਦੀ ਦੀ ਲੜਾਈ ‘ਚ ਆਪਣਾ ਬਲਿਦਾਨ ਦੇ ਰਹੇ ਸਨ ਅਤੇ ਕਾਦੀਆਨੀ ਜਮਾਤ ਦਾ ਸੰਸਥਾਪਕ ਮਿਰਜ਼ਾ ਗੁਲਾਮ ਬੇਸ਼ਰਮੀ ਨਾਲ ਅੰਗਰੇਜ਼ਾਂ ਦੇ ਨਾਲ-ਨਾਲ ਅੰਗ੍ਰੇਜ ਸਰਕਾਰ ਦੇ ਸਮਰਥਨ ‘ਚ ਇਸ਼ਤਿਹਾਰ ਅਤੇ ਕਿਤਾਬਾਂ ਲਿਖ ਰਿਹਾ ਸੀ। ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਸ਼੍ਰੀਮਤੀ ਇਰਾਨੀ ਜੀ ਜੇਕਰ ਇਸ ਮਾਮਲੇ ‘ਚ ਰਾਜਨੀਤੀ ਨਾ ਕੀਤੀ ਹੁੰਦੀ ਤਾਂ ਉਨ੍ਹਾਂ ਨੂੰ ਇਹ ਵੀ ਪਤਾ ਲਗਾਉਣਾ ਚਾਹੀਦਾ ਸੀ ਕਿ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਢੌਂਗ ਕਰਨ ਵਾਲੀ ਕਾਦੀਆਨੀ ਜਮਾਤ ਦੇ ਕਿੰਨੇ ਹੀ ਵਰਕਰ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹਨ, ਜਿਨ੍ਹਾਂ ਖਿਲਾਫ ਬੀਤੇ ਕਈ ਸਾਲਾਂ ‘ਚ ਕਈ ਮੁਕੱਦਮੇ ਦਰਜ ਕੀਤੇ ਗਏ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਅਸੀਂ ਮੋਦੀ ਸਰਕਾਰ ਨੂੰ ਆਪਣੇ ਸੁਨੇਹੇ ‘ਚ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਸਾਡੇ ਧਰਮ ‘ਚ ਕੋਈ ਵੀ ਪਸਮਾਂਦਾ ਮੁਸਲਮਾਨ ਨਹੀਂ ਹੁੰਦਾ, ਪਰ ਜੇਕਰ ਸਰਕਾਰ ਫਿਰ ਵੀ ਮਾਲੀ ਤੌਰ ‘ਤੇ ਭਾਰਤ ਦੇ ਬਹੁਗਿਣਤੀ ਮੁਸਲਮਾਨਾਂ ਨੂੰ ਪਸਮਾਂਦਾ ਦੱਸ ਕੇ ਉਨ੍ਹਾਂ ਦੀ ਹਮਦਰਦੀ ਹਾਸਿਲ ਕਰਨਾ ਚਾਹੁੰਦੀ ਹੈ ਤਾਂ ਇਹ ਗੱਲ ਯਾਦ ਰੱਖੇ ਕਿ ਅਸੀਂ ਮੁਸਲਮਾਨ ਪਸਮਾਂਦਾ ਹਾਂ ਜਾਂ ਨਹੀਂ, ਸਾਰੇ ਮੁਸਲਮਾਨਾਂ ਲਈ ਸਾਡੇ ਆਖ਼ਰੀ ਪੈਗੰਬਰ ਹਜ਼ਰਤ ਮੁਹੰਮਦ ਸਲੱਲਲਾਹੂ ਅਲੈਹੀ ਵਸੱਲਮ ਆਪਣੀ ਜਾਨ-ਮਾਲ ਤੋਂ ਵੱਧ ਪਿਆਰੇ ਹਨ। ਜੇਕਰ ਸਰਕਾਰ ਦਾ ਕੋਈ ਮੰਤਰੀ ਜਮਾਤ-ਏ-ਕਾਦੀਆਨ ਦੀ ਵਕਾਲਤ ਕਰਦਾ ਹੈ ਜੋ ਸਾਡੇ ਪਿਆਰੇ ਪੈਗੰਬਰ ਹਜ਼ਰਤ ਮੁਹੰਮਦ ਸਲੱਲਲਾਹੂ ਅਲੈਹੀ ਵਸੱਲਮ ਦੇ ਖਿਲਾਫ ਹੈ ਤਾਂ ਪੂਰੇ ਦੇਸ਼ ਦੇ ਮੁਸਲਮਾਨ ਇਸ ਮਾਮਲੇ ‘ਚ ਇੱਕਜੁੱਟ ਹਨ ਅਤੇ ਇਸ ਗੁਸਤਾਖੀ ਨੂੰ ਬਰਦਾਸ਼ਤ ਨਹੀਂ ਕਰਨਗੇ। ਸ਼ਾਹੀ ਇਮਾਮ ਨੇ ਕਿਹਾ ਕਿ ਜਿੱਥੋਂ ਤੱਕ ਵਕਫ਼ ਜਾਇਦਾਦਾਂ ‘ਤੇ ਅਧਿਕਾਰਾਂ ਦੀ ਗੱਲ ਹੈ, ਇਹ ਜਾਇਦਾਦਾਂ ਹਜ਼ਰਤ ਮੁਹੰਮਦ ਸਲੱਲਲਾਹੂ ਅਲੈਹੀ ਵਸੱਲਮ ਨੂੰ ਮੰਨਣ ਵਾਲੇ ਮੁਸਲਮਾਨਾਂ ਨੇ ਆਪਣੀ ਨੇਕ ਕਮਾਈ ਨਾਲ ਬਣਾਈਆਂ ਹਨ, ਨਾ ਕਿ ਆਜ਼ਾਦੀ ਦੀ ਲੜਾਈ ਦੇ ਗੱਦਾਰ ਮਿਰਜ਼ਾ ਕਾਦੀਆਨੀ ਦੇ ਚੇਲਿਆਂ ਨੇ। ਇਸ ਲਈ ਇਨ੍ਹਾਂ ਜਾਇਦਾਦਾਂ ‘ਤੇ ਸਿਰਫ਼ ਮੁਸਲਮਾਨਾਂ ਦਾ ਹੀ ਹੱਕ ਹੈ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਅਸੀਂ ਤੁਹਾਨੂੰ ਇਹ ਵੀ ਸਪੱਸ਼ਟ ਕਰਦੇ ਹਾਂ ਕਿ ਇਸਲਾਮ ‘ਚ ਮੁਸਲਮਾਨ ਸ਼ੀਆ, ਸੁੰਨੀ, ਬਰੇਲਵੀ, ਦੇਵਬੰਦੀ ਤਾਂ ਹਨ, ਪਰ ਇਹਨਾਂ ਸਾਰੀਆਂ ਦਾ ਵੀ ਅਹਿਮਦੀਆ ਜਮਾਤ ਬਾਰੇ ਇੱਕਜੁੱਟ ਫੈਸਲਾ ਹੈ ਕਿ ਜਮਾਤ-ਏ-ਕਾਦੀਆਨ ਦਾ ਇਸਲਾਮ ਨਾਲ ਕੋਈ ਸਬੰਧ ਨਹੀਂ। ਸ਼ਾਹੀ ਇਮਾਮ ਨੇ ਕਿਹਾ ਕਿ ਸ਼੍ਰੀਮਤੀ ਇਰਾਨੀ ਨੂੰ ਬਿਨਾਂ ਸ਼ਰਤ ਆਪਣਾ ਗੈਰ-ਜ਼ਿੰਮੇਵਾਰਾਨਾ ਬਿਆਨ ਵਾਪਸ ਲੈਣਾ ਚਾਹੀਦਾ ਹੈ।