ਸਕਾਰਾਤਮਕ ਸੋਚ ਦੇ ਨਾਲ ਆਪਣਾ ਜੀਵਨ ਵਤੀਤ ਕਰੋਂ : ਸ਼ਾਹੀ ਇਮਾਮ ਪੰਜਾਬ
ਲੁਧਿਆਣਾ : ਬੀਤੀ ਰਾਤ ਟਿੱਬਾ ਰੋਡ ਮਾਇਆਪੁਰੀ ਮਦਰਸਾ ਤਰਤੀਲੁਲ ਕੁਰਆਨ ‘ਚ ਸਾਲਾਨਾਂ ਜਲਸੇ ਦਾ ਆਯੋਜਨ ਕੀਤਾ ਗਿਆ, ਜਿਸਦੀ ਪ੍ਰਧਾਨਗੀ ਮੌਲਾਨਾ ਆਰਿਫ ਖੇੜਾ ਮੁਗਲ ਨੇ ਕੀਤੀ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਮੁੱਖ ਮਹਿਮਾਨ ਦੇ ਤੌਰ ‘ਤੇ ਮੌਜੂਦ ਸਨ | ਇਸ ਮੌਕੇ ‘ਤੇ ਪ੍ਰਧਾਨ ਮੁਹੰਮਦ ਇਨਾਮ ਮਲਿਕ, ਹਾਫਿਜ ਦਿਲਸ਼ਾਦ, ਮੁਫਤੀ ਆਰਿਫ ਪੰਜਾਬੀ ਬਾਗ, ਮੁਫਤੀ ਈਨਾਮ, ਮੁਹੰਮਦ ਰਿਜਵਾਨ, ਹਾਫਿਜ ਨਾਜਿਮ, ਹਾਜੀ ਤਈਅੱਬ, ਹਾਜੀ ਜਰੀਫ, ਮੁਹੰਮਦ ਮੁੰਸ਼ਦ, ਜਹਾਂਗੀਰ, ਕਾਰੀ ਹਸੀਨ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ | ਇਸ ਮੌਕੇ ‘ਤੇ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀਂ ਨੇ ਕਿਹਾ ਕਿ ਇਸਲਾਮ ਭਾਈਚਾਰੇ ਅਤੇ ਪਿਆਰ ਦਾ ਸੁਨੇਹਾ ਦਿੰਦਾ ਹੈ | ਉਹਨਾਂ ਕਿਹਾ ਕਿ ਹਜਰਤ ਮੁਹੰਮਦ ਸਾਹਿਬ ਸਲਲੱਲਾਹੂ ਅਲੈਹੀ ਵਸੱਲਮ ਦਾ ਹੁਕਮ ਹੈ ਕਿ ਲੋਕਾਂ ‘ਚ ਖੁਸ਼ਖਬਰੀਆਂ ਵੰਡੋ | ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਸਮਾਜ ‘ਚ ਅਕਸਰ ਲੋਕਾਂ ਦੀ ਸੋਚ ਨਕਰਾਤਮਕ ਹੁੰਦੀ ਜਾ ਰਹੀ ਹੈ | ਲੋਕ ਇੱਕ-ਦੂਜੇ ਦੇ ਪ੍ਰਤੀ ਚੰਗੀ ਸੋਚ ਨਹੀਂ ਰੱਖਦੇ, ਇੱਕ-ਦੂਜੀ ਕੌਮਾਂ ਦੇ ਸੰਬੰਧ ‘ਚ ਵੀ ਚੰਗੀ ਰਾਏ ਨਹੀਂ ਰੱਖੀ ਜਾ ਰਹੀ ਜੋ ਕਿ ਚਿੰਤਾ ਦਾ ਵਿਸ਼ਾ ਹੈ | ਸ਼ਾਹੀ ਇਮਾਮ ਨੇ ਕਿਹਾ ਕਿ ਜੇਕਰ ਤੁਸੀਂ ਸਫਲ ਹੋਣਾ ਚਾਹੁੰਦੇ ਹੋ ਤਾਂ ਸਕਾਰਾਤਮਕ ਸੋਚ ਦੇ ਨਾਲ ਅੱਗੇ ਵੱਧਣਾ ਪਵੇਗਾ | ਉਹਨਾਂ ਕਿਹਾ ਕਿ ਹਜਰਤ ਮੁਹੰਮਦ ਸਾਹਿਬ ਸਲਲੱਲਾਹੂ ਅਲੈਹੀ ਵਸੱਲਮ ਦਾ ਹੁਕਮ ਹੈ ਕਿ ਕਿਸੇ ਵੀ ਇਨਸਾਨ ਦੇ ਬਾਰੇ ਬੁਰੀ ਰਾਏ ਕਾਯਮ ਨਾ ਕਰੋ | ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਨੇ ਕਿਹਾ ਕਿ ਬੁਰਾ ਸੋਚਣ ਵਾਲਾ ਕਦੀ ਕਾਮਯਾਬ ਨਹੀਂ ਹੁੰਦਾ, ਉਹ ਆਪਣੀ ਤਾਕਤ ਨੰੂ ਲੋਕਾਂ ਦੀ ਬੁਰਾਈ ‘ਚ ਖਰਚ ਕਰਦਾ ਹੈ, ਜਿਸ ਕਾਰਨ ਉਸਨੰੂ ਬੁਰਾਈ ਕਰਨ ਤੋਂ ਇਲਾਵਾ ਕੋਈ ਕੰਮ ਨਹੀਂ ਆਉਂਦਾ | ਸ਼ਾਹੀ ਇਮਾਮ ਨੇ ਕਾਮਯਾਬੀ ਵੱਲ ਵੱਧ ਰਹੇ ਲੋਕਾਂ ਨੰੂ ਸਲਾਹ ਦਿੱਤੀ ਕਿ ਉਹ ਸਬਰ ਅਤੇ ਹਿੰਮਤ ਨਾਲ ਅੱਗੇ ਵੱਧਦੇ ਹੋਏ ਸਮਾਜਿਕ ਵਿਵਸਥਾ ਨੰੂ ਦਰੁਸਤ ਬਣਾਉਣ | ਜਿਕਰਯੋਗ ਹੈ ਕਿ ਇਸ ਮੌਕੇ ‘ਤੇ ਕੁਰਆਨ ਮਜੀਦ ਹਿਫ਼ਜ ਕਰਨ ਵਾਲੇ 4 ਬੱਚੇਆਂ ਦੀ ਦਸਤਾਰਬੰਦੀ ਕੀਤੀ ਗਈ |