पंजाब

ਹਜਰਤ ਇਮਾਮ ਹੁਸੈਨ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ

ਜੋ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ, ਉਨਾਂ ਦਾ ਵਜੂਦ ਖੱਤਮ ਹੋ ਜਾਂਦਾ ਹੈ : ਸ਼ਾਹੀ ਇਮਾਮ
ਲੁਧਿਆਣਾ, : ਅੱਜ ਇੱਥੇ ਪੰਜਾਬ ਦੀ ਇਤਿਹਾਸਿਕ ਜਾਮਾ ਮਸਜਿਦ ਲੁਧਿਆਣਾ ‘ਚ 10 ਮੁਹੱਰਮ ਯੌਮੇ ਆਸ਼ੂਰਾ ਦੇ ਮੌਕੇ ‘ਤੇ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸਦੀ ਪ੍ਰਧਾਨਗੀ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਕਾਰੀ ਮੋਹਤਰਮ ਸਾਹਿਬ ਨੇ ਪਵਿੱਤਰ ਕੁਰਾਨ ਸ਼ਰੀਫ਼ ਦੀ ਤਿਲਾਵਤ ਕੀਤੀ ਅਤੇ ਗੁਲਾਮ ਹਸਨ ਕੈਸਰ, ਹੱਸਾਨ ਨਸੀਰਾਵਾਦੀ ਨੇ ਆਪਣਾ ਨਾਤਿਆ ਕਲਾਮ ਪੇਸ਼ ਕੀਤਾ।
ਇਸ ਮੌਕੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਮੁਸਲਮਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰਬਲਾ ਦੇ ਮੈਦਾਨ ‘ਚ ਹਜ਼ਰਤ ਇਮਾਮ ਹੁਸੈਨ ਸ਼ਹੀਦ (ਰਜਿ.) ਨੇ ਇਨਸਾਨੀਅਤ ਨੂੰ ਜਾਲਿਮਾਂ ਦੇ ਖਿਲਾਫ਼ ਹੱਕ ਦੀ ਆਵਾਜ਼ ਬੁਲੰਦ ਕਰਨ ਦਾ ਉਹ ਸਬਕ ਦਿੱਤਾ ਹੈ, ਜਿਸਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ।
ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਆਸ਼ੂਰਾ ਦਾ ਦਿਨ ਬੜੀਆਂ ਹੀ ਬਰਕਤਾਂ ਅਤੇ ਰਹਿਮਤਾਂ ਵਾਲਾ ਦਿਨ ਹੈ। ਉਨ•ਾਂ ਕਿਹਾ ਕਿ ਅੱਜ ਦੇ ਦਿਨ ਰੋਜਾ ਰੱਖਣਾ ਅਲੱਾਹ ਦੇ ਰਸੂਲ ਹਜ਼ਰਤ ਮੁਹੱਮਦ ਸਾਹਿਬ ਸਲਲੱਲਾਹੂ ਅਲੈਹੀ ਵਸੱਲਮ ਦੀ ਸੁੰਨਤ ਹੈ। ਉਨ•ਾਂ ਕਿਹਾ ਕਿ ਅੱਜ ਦਾ ਦਿਨ ਸਾਨੂੰ ਵੱਧ ਤੋਂ ਵੱਧ ਇਬਾਦਤ ‘ਚ ਲਗਾਉਣਾ ਚਾਹੀਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਜਿਹੜੇ ਲੋਕ ਇਹ ਸਮਝਦੇ ਹਨ ਕਿ ਸਿਰਫ ਦਾਨ ਦੇ ਕੇ ਉਹ ਰੱਬ ਨੂੰ ਰਾਜੀ ਕਰ ਲੈਣਗੇ ਤਾਂ ਉਹ ਗਲਤ ਸੋਚਦੇ ਹਨ। ਦਾਨ ਦੇਣ ਤੋਂ ਪਹਿਲਾਂ ਆਪਣੇ ਕਰਮ ਅਲੱਾਹ ਦੇ ਹੁਕਮ ਅਨੁਸਾਰ ਕਰਨੇ ਹੋਣਗੇ।
ਸ਼ਾਹੀ ਇਮਾਮ ਨੇ ਕਿਹਾ ਕਿ ਯੌਮੇ ਆਸ਼ੂਰਾ ਦੇ ਦਿਨ ਹੀ ਅਲੱਾਹ ਪਾਕ ਨੇ ਜ਼ਮੀਨ, ਆਸਮਾਨ, ਹਵਾ, ਪਾਣੀ, ਇਨਸਾਨ ਅਤੇ ਹਰ ਚੀਜ ਨੂੰ ਬਣਾਇਆ ਅਤੇ 10 ਮੁਹੱਰਮ ਯੌਮੇ ਆਸ਼ੂਰਾ ਦੇ ਦਿਨ ਹੀ ਕਯਾਮਤ ਆਵੇਗੀ। ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਦੇ ਦਿਨ ਸਾਨੂੰ ਆਪਣੇ ਘਰਵਾਲਿਆਂ ‘ਤੇ ਦਿਲ ਖੋਲ ਕੇ ਖਰਚ ਕਰਨਾ ਚਾਹੀਦਾ ਅਤੇ ਇਸ ਦਿਨ ਗਰੀਬਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ। ਉਨ•ਾਂ ਕਿਹਾ ਕਿ ਜਿਹੜਾ ਮੁਸਲਮਾਨ ਕਿਸੇ ਯਤੀਮ ਨੂੰ ਚੰਗਾ ਖਾਣਾ ਖਿਲਾਉਂਦਾ ਹੈ, ਚੰਗੇ ਕੱਪੜੇ ਪਹਿਨਾਉਂਦਾ ਹੈ ਅਤੇ ਬਾਅਦ ‘ਚ ਉਸ ਯਤੀਮ ਦੇ ਸਿਰ ‘ਤੇ ਪਿਆਰ ਨਾਲ ਹੱਥ ਫੇਰਦਾ ਹੈ ਤਾਂ ਜਿਨ•ੇ ਵੀ ਬਾਲ ਉਸਦੇ ਹੱਥ ਦੇ ਹੇਠਾਂ ਨਿਕਲਣਗੇ, ਅਲੱਾਹ ਪਾਕ ਉਸਨੂੰ ਹਰ ਬਾਲ ਦੇ ਬਦਲੇ ‘ਚ ਨੇਕੀਆਂ ਦਿੰਦੇ ਹਨ।
ਉਨ•ਾਂ ਕਿਹਾ ਕਿ ਕਰਬਲਾ ਦੇ ਮੈਦਾਨ ‘ਚ ਜੋ ਕੁਝ ਵੀ ਹੋਇਆ, ਉਸ ਤੋਂ ਨੌਜਵਾਨ ਨਸਲ ਨੂੰ ਸਬਕ ਲੈਣਾ ਚਾਹੀਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਸਾਡੇ ਬੱਚਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸਲਾਮ ਧਰਮ ਲਈ ਇਮਾਮ ਹੁਸੈਨ (ਰਜਿ.) ਨੇ ਕਿਹੋ ਜਿਹੀਆਂ ਕੁਰਬਾਨੀਆਂ ਦਿੱਤੀਆਂ ਹਨ, ਇਸ ਲਈ ਹਜਰਤ ਇਮਾਮ ਹੁਸੈਨ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ•ਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ, ਉਨਾਂ ਦਾ ਵਜੂਦ ਖਤਮ ਹੋ ਜਾਂਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਮੁਸਲਮਾਨ ਇਸ ਗੱਲ ਨੂੰ ਚੰਗੀ ਤਰ•ਾਂ ਸਮਝ ਲੈਣ ਕਿ ਕਰਬਲਾ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ।
ਉਨ•ਾਂ ਕਿਹਾ ਕਿ ਹਜ਼ਰਤ ਇਮਾਮ ਹੁਸੈਨ (ਰਜਿ.) ਦਾ ਰੁਤਬਾ ਬਹੁਤ ਵੱਡਾ ਹੈ, ਇਮਾਮ ਹੁਸੈਨ (ਰਜਿ.) ਹਜ਼ਰਤ ਮੁਹੱਮਦ ਸਾਹਿਬ (ਸ.) ਦੇ ਨਵਾਸੇ ਹਨ ਅਤੇ ਹਜ਼ਰਤ ਮੁਹੱਮਦ ਸਾਹਿਬ ਸਲਲੱਲਾਹੂ ਅਲੈਹੀ ਵਸੱਲਮ ਨੂੰ ਇਨ•ਾਂ ਨਾਲ ਬਹੁਤ ਪਿਆਰ ਸੀ। ਉਨ•ਾਂ ਕਿਹਾ ਕਿ ਸ਼ਹੀਦ ਸਭ ਦੇ ਸਾਂਝੇ ਹੁੰਦੇ ਹਨ ਉਹ ਕੌਮ ਦਾ ਸਰਮਾਇਆ ਹੁੰਦੇ ਹਨ, ਉਨ•ਾਂ ਨੂੰ ਵੰਡਿਆ ਨਹੀਂ ਜਾ ਸਕਦਾ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ  ਨੇ ਕਿਹਾ ਕਿ ਹਜ਼ਰਤ ਹੁਸੈਨ (ਰਜਿ.) ਨੇ ਕਰਬਲਾ ਦੇ ਮੈਦਾਨ ਤੋਂ ਜੋ ਸਿੱਖਿਆ ਸਾਨੂੰ ਦਿੱਤੀ ਹੈ, ਉਸ ‘ਤੇ ਅਮਲ ਕਰਨ ਦੀ ਜ਼ਰੂਰਤ ਹੈ। ਉਨ•ਾਂ ਕਿਹਾ ਕਿ ਹੱਕ ਦੀ ਆਵਾਜ਼ ਬੁਲੰਦ ਕਰਨ ਵਾਲੇ, ਜਾਲਿਮਾਂ ਦੇ ਖਿਲਾਫ਼ ਆਵਾਜ਼ ਉਠਾਉਣ ਵਾਲੇ ਹੀ ਇਮਾਮ ਹੁਸੈਨ (ਰਜਿ.) ਦੇ ਸੱਚੇ ਆਸ਼ਿਕ ਹਨ।
ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਯੌਮੇ ਆਸ਼ੂਰਾ ਦਾ ਦਿਨ ਜਿਥੇ ਸਾਨੂੰ ਹਜ਼ਰਤ ਇਮਾਮ ਹੂਸੈਨ (ਰਜਿ.) ਦੀਆਂ ਕੁਰਬਾਣੀਆਂ ਤੋਂ ਸਬਕ ਦਿੰਦਾ ਹੈ, ਉਥੇ ਆਪਣੇ ਦੇਸ਼ ਦੇ ਪ੍ਰਤੀ ਵੀ ਕੁਰਬਾਨੀ ਦੇਣ ਦੀ ਪ੍ਰੇਰਣਾ ਦਿੰਦਾ ਹੈ। ਇਸ ਮੌਕੇ ‘ਤੇ ਸ਼ਾਹੀ ਇਮਾਮ ਪੰਜਾਬ ਨੇ ਦੇਸ਼ ਵਿਚ ਆਪਸੀ ਭਾਈਚਾਰੇ ਅਤੇ ਅਮਨ ਸ਼ਾਤੀ ਦੇ ਲਈ ਦੁਆ ਵੀ ਕਰਵਾਈ।
ਇਸ ਮੌਕੇ ਮੁਫ਼ਤੀ ਮੁਹੰਮਦ ਜਮਾਲੁਦੀਨ, ਮੌਲਾਨਾ ਕਾਰੀ ਮੁਹੰਮਦ ਇਬ੍ਰਾਹਿਮ, ਮੌਲਾਨਾ ਅਬਦੁਲ ਰਹਿਮਾਨ ਅਤੇ ਜਾਮਾ ਮਸਜਿਦ ਦੇ ਪ੍ਰਧਾਨ ਮੁਹੰਮਦ ਮੁਸਤਕੀਮ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸੀ।